ਲੁਧਿਆਣਾ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਨਾਮਜ਼ਦ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਅਸਲਾ ਬਰਾਮਦਗੀ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੇਠਲੀ ਅਦਾਲਤ ਵੱਲੋਂ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਮਾਮਲਾ ਸੀਜੇਐਮ ਦੀ ਅਦਾਲਤ 'ਚ ਗਿਆ ਸੀ। ਇੱਥੇ ਸੁਣਵਾਈ ਦੌਰਾਨ ਜੱਜ ਸੁਰੇਸ਼ ਕੁਮਾਰ ਗੋਇਲ ਨੇ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦੀ ਦਲੀਲ 'ਤੇ ਸਹਿਮਤ ਹੁੰਦਿਆਂ ਹਵਾਰਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ।

 

ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ 1995 ਵਿੱਚ ਏਕੇ 56 ਤੇ ਕਾਰਤੂਸ ਬਰਾਮਦਗੀ ਦਾ ਇਹ ਕੇਸ ਲੁਧਿਆਣਾ ਦੇ ਥਾਣਾ ਕੋਤਵਾਲੀ ਵਿੱਚ ਦਰਜ ਕੀਤਾ ਗਿਆ ਸੀ। ਪੁਲਿਸ ਨੇ ਹਵਾਰਾ ਕੋਲੋਂ ਬੁੱਢੇ ਨਾਲੇ ਨੇੜਿਓਂ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਇਸ ਕੇਸ ਵਿੱਚ 13 ਅਪਰੈਲ, 2018 ਨੂੰ ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਵਰਿੰਦਰ ਕੁਮਾਰ ਨੇ ਹਵਾਰਾ ਨੂੰ ਦੋਸ਼ੀ ਕਰਾਰ ਦੇ ਕੇ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਕੇਸ ਵਿੱਚ ਹੋਰ ਸਜ਼ਾ ਲਈ ਸੀਜੇਐਮ ਨੂੰ ਰੈਫਰ ਕਰ ਦਿੱਤਾ ਸੀ ਪਰ ਸੀਜੇਐਮ ਐਸਕੇ ਗੋਇਲ ਦੀ ਅਦਾਲਤ ਨੇ ਹਵਾਰਾ ਨੂੰ ਬਰੀ ਕਰ ਦਿੱਤਾ।

ਹਵਾਰਾ ਪਹਿਲਾਂ ਹੀ ਲੁਧਿਆਣਾ ਵਿੱਚ ਦੋ ਕੇਸਾਂ 'ਚੋਂ ਬਰੀ ਹੋ ਚੁੱਕਾ ਹੈ। ਹੁਣ ਹਵਾਰਾ ਖਿਲਾਫ ਦੋ ਕੇਸ ਲੁਧਿਆਣਾ ਤੇ ਇੱਕ ਮੋਗਾ ਵਿੱਚ ਬਕਾਇਆ ਹਨ।