ਚੰਡੀਗੜ੍ਹ: ਕਦੇ ਖਹਿਰਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਧੜੇ ਵਿੱਚ ਦਾ ਹਿੱਸਾ ਰਹਿਣ ਵਾਲੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਹੁਣ ਉਨ੍ਹਾਂ ਵਿਰੁੱਧ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਰੋੜੀ ਨੇ ਕਿਹਾ ਹੈ ਕਿ 'ਆਪ' ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾ ਕੇ ਖ਼ੁਦ ਹੀ ਪ੍ਰਧਾਨ ਬਣਨ ਵਾਲੇ ਸੁਖਪਾਲ ਖਹਿਰਾ ਨੇ ਹਮੇਸ਼ਾ ਕੁਰਸੀ ਹਾਸਲ ਕਰਨ ਦੀ ਹੀ ਇੱਛਾ ਰੱਖੀ ਹੈ।
ਪ੍ਰੈਸ ਬਿਆਨ ਵਿੱਚ ਰੋੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਤੇ ਸਿਧਾਂਤਾਂ ਤੋਂ ਭਟਕਣ ਦੇ ਇਲਜ਼ਾਮ ਲਾਉਣ ਵਾਲੇ ਖਹਿਰਾ ਨੇ ਆਪਣੀ ਨਵੀਂ ਪਾਰਟੀ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਕਿਹੜੀ ਰਾਇਸ਼ੁਮਾਰੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਖਹਿਰਾ ਕੁਰਸੀ ਲਈ ਹੀ ਕੰਮ ਕਰ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤੋਂ ਲਾਹ ਕੇ ਇੱਕ ਪੜੇ ਲਿਖੇ ਦਲਿਤ ਆਗੂ ਨੂੰ ਲਗਾਇਆ ਤਾਂ ਖਹਿਰਾ ਇਹ ਬਰਦਾਸ਼ਤ ਨਹੀਂ ਕਰ ਸਕੇ।
ਉਨ੍ਹਾਂ ਕਿਹਾ ਕਿ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਕਰ ਕੇ ਅਸਲ ਵਿਚ ਖਹਿਰਾ ਪਾਰਟੀ ਛੱਡਣ ਦੇ ਬਹਾਨੇ ਲੱਭ ਰਹੇ ਸਨ। ਰੋੜੀ ਨੇ ਕਿਹਾ ਕਿ ਸੱਚਾ-ਸੁੱਚਾ ਹੋਣ ਦਾ ਦਾਅਵਾ ਕਰਨ ਵਾਲੇ ਖਹਿਰਾ ਅਸਲ ਵਿੱਚ ਸੱਤਾ ਦੇ ਲਾਲਚੀ ਹਨ ਅਤੇ ਲੋਕ ਮੁੱਦਿਆਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੈ।
ਰੋੜੀ ਨੇ ਕਿਹਾ ਕਿ ਜੇਕਰ ਖਹਿਰਾ ਵਿਚ ਥੋੜ੍ਹੀ ਜਿਹੀ ਵੀ ਗ਼ੈਰਤ ਬਾਕੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਨਾਮ 'ਤੇ ਜਿੱਤੀ ਸੀਟ ਤੋਂ ਅਸਤੀਫ਼ਾ ਦੇ ਕੇ ਭੁਲੱਥ ਤੋਂ ਮੁੜ ਚੋਣ ਕਿਉਂ ਨਹੀਂ ਲੜ ਲੈਂਦੇ। ਉਨ੍ਹਾਂ ਕਿਹਾ ਕਿ ਖਹਿਰਾ ਇਸ ਗੱਲ ਦਾ ਬਹਾਨਾ ਬਣਾ ਰਹੇ ਹਨ ਕਿ ਉਨ੍ਹਾਂ ਦੇ ਅਸਤੀਫ਼ਾ ਦੇਣ ਨਾਲ ਸੂਬੇ ਤੇ ਭੁਲੱਥ ਉਪ ਚੋਣਾਂ ਦਾ ਭਾਰ ਪਵੇਗਾ ਤਾਂ ਕੀ ਉਨ੍ਹਾਂ ਦੇ ਲੋਕ ਸਭਾ ਚੋਣ ਲੜਨ ਨਾਲ ਅਜਿਹਾ ਨਹੀਂ ਹੋਵੇਗਾ?
ਗੜ੍ਹਸ਼ੰਕਰ ਤੋਂ ਵਿਧਾਇਕ ਰੋੜੀ ਨੇ ਪੁੱਛਿਆ ਕਿ ਇਸ ਦਾ ਮਤਲਬ ਖਹਿਰਾ ਬਠਿੰਡਾ ਖ਼ੁਦ ਹਾਰਨ ਅਤੇ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਜਾ ਰਹੇ ਹਨ। ਜਿਸ ਤਰ੍ਹਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਲਈ ਲੰਬੀ ਅਤੇ ਕਾਂਗਰਸ ਐਮ.ਪੀ ਰਵਨੀਤ ਸਿੰਘ ਬਿੱਟੂ ਭਗਵੰਤ ਮਾਨ ਨੂੰ ਹਰਾਉਣ ਅਤੇ ਸੁਖਬੀਰ ਬਾਦਲ ਨੂੰ ਹਰਾਉਣ ਲਈ ਜਲਾਲਾਬਾਦ ਤੋਂ ਚੋਣ ਲੜੇ ਸਨ।
ਰੋੜੀ ਨੇ ਕਿਹਾ ਕਿ ਇਸ ਸਮੇਂ ਖਹਿਰਾ ਅਕਾਲੀ ਦਲ ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਹਰ ਅਜਿਹਾ ਕਾਰਜ ਕਰ ਰਹੇ ਹਨ ਜਿਸ ਨਾਲ ਬਾਦਲਾਂ ਨੂੰ ਫ਼ਾਇਦਾ ਹੋਵੇ। ਉਨ੍ਹਾਂ ਕਿਹਾ ਕਿ ਖਹਿਰਾ ਦਾ ਮਕਸਦ ਆਮ ਆਦਮੀ ਪਾਰਟੀ ਦਾ ਨੁਕਸਾਨ ਕਰ ਕੇ ਸੂਬੇ ਵਿਚ ਅਕਾਲੀ ਦਲ ਦੀ ਮੁੜ ਬਹਾਲੀ ਹੈ। ਰੋੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿਚ ਵਿਰੋਧੀ ਧਿਰ ਦੀ ਭੂਮਿਕਾ ਬਾਖ਼ੂਬੀ ਨਿਭਾ ਰਹੀ ਹੈ ਅਤੇ ਲੋਕਾਂ ਦੇ ਮੁੱਦੇ ਚੁੱਕਦੀ ਰਹੇਗੀ।