Punjab News: ਪੰਜਾਬ ਭਾਜਪਾ ਦੀ ਮੀਟਿੰਗ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਸ਼ੁਰੂ ਹੋ ਗਈ ਹੈ ਪਰ ਭਾਜਪਾ ਪ੍ਰਧਾਨ ਸੁਨੀਲ ਜਾਖੜ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਜਿਸ ਕਾਰਨ ਇਕ ਵਾਰ ਫਿਰ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ।
ਹਾਲਾਂਕਿ ਜਦੋਂ ਪੱਤਰਕਾਰਾਂ ਨੇ ਇਸ ਮਾਮਲੇ ਵਿੱਚ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਹੈ। ਅਸਤੀਫੇ ਦੀ ਖ਼ਬਰ ਅਫਵਾਹ ਹੈ। ਜਾਖੜ ਸਾਬ੍ਹ ਆਪਣੇ ਨਿੱਜੀ ਕੰਮ ਲਈ ਦਿੱਲੀ ਗਏ ਹੋਏ ਸਨ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਜਾਖੜ ਨੇ ਇਨ੍ਹਾਂ ਖ਼ਬਰਾਂ ਦਾ ਵੀ ਖੰਡਨ ਨਹੀਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਦਿੱਲੀ ਹਨ ਤੇ ਉਹ ਸਾਡੀ ਪਾਰਟੀ ਦੇ ਪ੍ਰਧਾਨ ਹਨ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਚੱਲ ਰਹੀ ਹੈ। ਉਹ ਦੋ-ਚਾਰ ਦਿਨਾਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ।
ਅਸਤੀਫ਼ੇ ਦੀ ਖ਼ਬਰ ਉੱਤੇ ਜਾਖੜ ਦੀ ਚੁੱਪ ਦਾ ਸ਼ੋਰ
ਜ਼ਿਕਰ ਕਰ ਦਈਏ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫ਼ਾ ਨਹੀਂ ਦਿੱਤਾ ਇਸ ਦੀ ਪੁਸ਼ਟੀ ਤਾਂ ਬੀਜੇਪੀ ਨੇ ਕਰ ਦਿੱਤੀ ਹੈ ਪਰ ਅਸਤੀਫ਼ਾ ਦਿੱਤੇ ਜਾਣ ਬਾਰੇ ਸੁਨੀਲ ਜਾਖੜ ਦੀ ਚੁੱਪ 'ਤੇ ਸੁਆਲ ਉੱਠਣ ਲੱਗੇ ਹਨ। ਹਾਲਾਂਕਿ ਅਧਿਕਾਰਤ ਤੌਰ 'ਤੇ ਸੁਨੀਲ ਜਾਖੜ ਦੇ ਅਸਤੀਫ਼ੇ ਬਾਰੇ ਕੋਈ ਖ਼ਬਰ ਨਹੀਂ ਆਈ ਹੈ ਪਰ ਜਾਖੜ ਨੇ ਵੀ ਹਾਲੇ ਤੱਕ ਇਸ ਮਾਮਲੇ 'ਤੇ ਚੁੱਪ ਵੱਟੀ ਹੋਈ ਹੈ। ਜਾਖੜ ਦੇ ਇਸ ਕਦਮ ਨੂੰ ਲੈ ਕੇ ਸੂਬੇ ਵਿੱਚ ਸਿਆਸੀ ਮਾਹੌਲ ਜ਼ਰੂਰ ਗਰਮਾ ਗਿਆ ਹੈ। ਖ਼ਾਸ ਕਰਕੇ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ 'ਤੇ ਤੰਜ਼ ਕੱਸਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਭਾਜਪਾ ਆਗੂ ਜਾਖੜ ਦੇ ਬਚਾਅ ਪੱਖ ਵਿਚ ਆ ਗਏ ਹਨ।
ਸੁਨੀਲ ਜਾਖੜ ਨੇ ਆਪਣਾ ਆਖ਼ਰੀ ਟਵੀਟ 17 ਸਤੰਬਰ ਨੂੰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ ਅਤੇ ਉਸ ਮਗਰੋਂ ਉਨ੍ਹਾਂ ਨੇ ਕੋਈ ਟਵੀਟ ਨਹੀਂ ਕੀਤਾ ਹੈ। ਹੁਣ ਅਸਤੀਫ਼ੇ ਦਾ ਰੌਲਾ ਰੱਪਾ ਪੈਣ 'ਤੇ ਵੀ ਜਾਖੜ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।