Sunil Jakhar: ਆਪਣੇ ਨਿਰਪੱਖ ਨਜ਼ਰੀਏ ਤੇ ਬੇਖ਼ੌਫ ਬਿਆਨ ਦੇਣ ਲਈ ਜਾਣੇ ਜਾਂਦੇ ਲੀਡਰ ਸੁਨੀਲ ਜਾਖੜ (Sunil Jakhar) (ਜੋ ਕਿ ਪਿਛਲੇ ਕਈ ਦਿਨਾਂ ਤੋਂ ਗ਼ਾਇਬ ਸਨ) ਹੁਣ ਉਨ੍ਹਾਂ ਨਾਲ ਮੁਤੱਲਕ ਇੱਕ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ  (narendra modi) ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੂੰ ਕਿਹਾ ਹੈ ਕਿ ਸੂਬੇ ਦੇ ਮੁੱਦਿਆਂ ਪ੍ਰਤੀ ਭਾਜਪਾ ਤੇ ਕੇਂਦਰ ਦੀ ਪਹੁੰਚ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀਆਂ ਨਾਲ ਜੁੜੇ ਭਾਵਨਾਤਮਕ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।


ਅਸਤੀਫ਼ਾ ਦੇਣ ਕੇ ਕਾਰਨ ਦਾ ਕੀਤਾ ਖ਼ੁਲਾਸਾ !


ਪ੍ਰਧਾਨ ਮੰਤਰੀ ਅਤੇ ਸ਼ਾਹ ਨਾਲ ਆਪਣੀਆਂ ਹਾਲੀਆ ਮੀਟਿੰਗਾਂ ਵਿੱਚ ਜਾਖੜ ਨੇ ਸੂਬੇ ਪ੍ਰਤੀ ਪਾਰਟੀ ਤੇ ਕੇਂਦਰ ਦੇ ਨਜ਼ਰੀਏ ਵਿੱਚ ਤਬਦੀਲੀ ਲਿਆਉਣ ਵਿੱਚ ਅਸਮਰੱਥਾ ਦਾ ਹਵਾਲਾ ਦਿੰਦੇ ਹੋਏ ਸੂਬਾ ਪ੍ਰਧਾਨ ਵਜੋਂ ਜਾਰੀ ਨਾ ਰਹਿਣ ਦੇ ਆਪਣੇ ਇਰਾਦੇ ਬਾਰੇ ਦੱਸਿਆ।


ਪੰਜਾਬ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ


ਜਾਖੜ ਨੇ ਕਿਹਾ ਕਿ, ਨਜ਼ਰੀਆ ਬਦਲਣ ਦੀ ਲੋੜ ਹੈ ਨਜ਼ਾਰੇ ਆਪਣੇ ਆਪ ਬਦਲ ਜਾਣਗੇ, ਇਸ ਵਿੱਚ ਕਿਸਾਨਾਂ ਦੇ ਮਸਲਿਆਂ, ਬਲਾਤਕਾਰ ਅਤੇ ਕਤਲ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਪੈਰੋਲ, 2015 ਦੇ ਬੇਅਦਬੀ ਮਾਮਲੇ 'ਚ ਡੇਰਾ ਸੱਚਾ ਸੌਦਾ ਮੁਖੀ ਤੋਂ ਪੁੱਛਗਿੱਛ ਦੀ ਮੰਗ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜਾਖੜ ਨੇ ਪਾਰਟੀ ਲੀਡਰਸ਼ਿਪ ਨੂੰ ਇਹ ਵੀ ਕਿਹਾ ਹੈ ਕਿ "ਜੋ ਵੀ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਹੋਵੇ ਉਸ ਕੋਲ ਨੂੰ ਖ਼ੁਦਮੁਖਤਿਆਰੀ ਤੇ ਪੂਰੇ ਅਧਿਕਾਰ ਹੋਣੇ ਚਾਹੀਦੇ ਹਨ।


ਜਾਖੜ ਦੀ ਭਾਜਪਾ ਨਾਲ ਨਾਰਾਜ਼ਗੀ ਦੀ ਕਿੱਥੋਂ ਹੋਈ ਸ਼ੁਰੂਆਤ ?


ਕਿਹਾ ਜਾ ਰਿਹਾ ਹੈ ਕਿ ਜਾਖੜ ਨੂੰ ਪਹਿਲਾ ਧੱਕਾ ਫਰਵਰੀ ਵਿੱਚ ਲੱਗਿਆ ਸੀ ਜਦੋਂ ਉਨ੍ਹਾਂ ਨੂੰ ਮੰਤਰੀਆਂ ਪਿਊਸ਼ ਗੋਇਲ, ਅਰਜੁਨ ਮੁੰਡਾ, ਨਿਤਿਆਨੰਦ ਰਾਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਵਿੱਚ ਕਿਸਾਨ ਪ੍ਰਤੀਨਿਧੀਆਂ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਨਹੀਂ ਸੀ। ਜਿਸ ਦਿਨ ਮੰਤਰੀਆਂ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ, ਉਸੇ ਦਿਨ ਚੰਡੀਗੜ੍ਹ ਵਿੱਚ ਭਾਜਪਾ ਦੀ ਸਮਾਨੰਤਰ ਮੀਟਿੰਗ ਚੱਲ ਰਹੀ ਸੀ। RSS ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਇਸ ਮੀਟਿੰਗ ਵਿੱਚ ਜਾਖੜ ਨੇ ਕਿਸਾਨਾਂ ਦੀ ਮੀਟਿੰਗ ਬਾਰੇ ਜਾਣਕਾਰੀ ਨਾ ਦਿੱਤੇ ਜਾਣ ’ਤੇ ਇਤਰਾਜ਼ ਜਤਾਇਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਾਰਾਜ਼ਗੀ ਉਸ ਵੇਲੇ ਸਿਖਰਾਂ ਉੱਤੇ ਪਹੁੰਚ ਗਈ ਜਦੋਂ ਜਦੋਂ ਕੇਂਦਰੀ ਭਾਜਪਾ ਲੀਡਰਸ਼ਿਪ ਨੇ ਪੰਜਾਬ ਦੇ ਮੰਤਰੀਆਂ ਬਾਰੇ ਵਿਚਾਰ ਵਟਾਂਦਰੇ ਦੌਰਾਨ ਵੀ ਜਾਖੜ ਦੀ ਸਲਾਹ ਨਹੀਂ ਲਈ।