Jalandhar by Election: ਜਲੰਧਰ ਜ਼ਿਮਨੀ ਚੋਣ ਦਾ ਵੋਟਾਂ ਵਾਲਾ ਦਿਨ ਨਜ਼ਦੀਕ ਆਉਣ ਦੇ ਨਾਲ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਇਸੇ ਤਹਿਤ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਹਮਾਇਤ ’ਚ ਛੇ ਮਈ ਨੂੰ ਦੋ ਰੋਜ਼ਾ ਦੌਰੇ ਲਈ ਜਲੰਧਰ ਪਹੁੰਚ ਰਹੇ ਹਨ।
ਇਸ ਦੌਰਾਨ ਕੇਜਰੀਵਾਲ ਵੱਲੋਂ ਰਿੰਕੂ ਦੇ ਹੱਕ ’ਚ ਰੋਡ ਸ਼ੋਅ ਅਤੇ ਰੈਲੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵੱਲੋਂ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਆਗੂਆਂ ਤੇ ਵੱਖ-ਵੱਖ ਵਰਗ ਦੇ ਲੋਕਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਦੱਸ ਦਈਏ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਦੂਜੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਸੰਗਰੂਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਸੀ। ਇਸ ਚੋਣ ਵਿੱਚ ਜਿੱਤ ਹਾਸਲ ਕਰਨਾ ‘ਆਪ’ ਲਈ ਵੱਕਾਰ ਦਾ ਸਵਾਲ ਹੈ। ਜੇਕਰ ਪਾਰਟੀ ਜਲੰਧਰ ਚੋਣ ਵੀ ਨਹੀਂ ਜਿੱਤ ਸਕੀ ਤਾਂ ਇਸ ਦਾ ਅਗਲੇ ਸਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਉੱਪਰ ਮਾੜਾ ਅਸਰ ਪਏਗਾ।
ਵਿਰੋਧੀ ਧਿਰਾਂ ਹੱਥ ਆਇਆ ਵੱਡਾ ਮੁੱਦਾ
ਚੋਣ ਤੋਂ ਕੁਝ ਦਿਨ ਪਹਿਲਾਂ ਹੀ ਵਿਰੋਧੀ ਧਿਰਾਂ ਹੱਥ ਵੱਡਾ ਮੁੱਦਾ ਆਇਆ ਹੈ। ਵਿਰੋਧੀ ਧਿਰਾਂ ਦਾ ਦਾਅਵਾ ਹੈ ਕਿ 'ਆਪ' ਮੰਤਰੀ ਦਾ ਅਸ਼ਲੀਲ ਵੀਡੀਓ ਰਾਜਪਾਲ ਨੂੰ ਸੌਂਪਿਆ ਗਿਆ ਹੈ। ਉਸ ਉੱਪਰ ਜਲਦ ਕਾਰਵਾਈ ਕੀਤੀ ਜਾਵੇ। ਇਸ ਬਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਜਿਹੜੀ ਸੀਡੀ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ, ਉਸ ਵਿਚਲੇ ਮੰਤਰੀ ਦਾ ਨਾਂ ਜਨਤਕ ਕੀਤਾ ਜਾਵੇ।
ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਦਾਇਤ ਦੇਣ ਕਿ ਜਿਸ ਮੰਤਰੀ ਦੀ ਅਸ਼ਲੀਲ ਸੀਡੀ ਸਾਹਮਣੇ ਆਈ ਹੈ, ਉਸ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਜਪਾਲ ਨੇ ਸੂਬੇ ਦੇ ਡੀਜੀਪੀ ਨੂੰ ਆਖਿਆ ਕਿ ਜੋ ਅਸ਼ਲੀਲ ਵੀਡੀਓ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਦੀ ਜਾਂਚ ਕੀਤੀ ਜਾਵੇ, ਇਸ ਲਈ ਉਕਤ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।