Jalandhar By-Election : ਭਾਜਪਾ ਨੇਤਾ ਤਰੁਣ ਚੁੱਘ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਜਲੰਧਰ ਲੋਕ ਸਭਾ ਹਲਕੇ ਦੀ ਉਪ ਚੋਣ 'ਚ ਆਮ ਆਦਮੀ ਪਾਰਟੀ ਦੇ ਨੇਤਾ ਹਰਭਜਨ ਸਿੰਘ ਈਟੋ ਅਤੇ 'ਆਪ' ਦੇ ਹੋਰ ਨੇਤਾਵਾਂ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਪੱਤਰ ਵਿੱਚ ਉਨ੍ਹਾਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਹਲਕੇ ਵਿੱਚ ‘ਆਪ’ ਆਗੂਆਂ ਵੱਲੋਂ ‘ਮੋਦੀ ਹਟਾਓ ਦੇਸ਼ ਬਚਾਓ’ ਦੇ ਨਾਅਰਿਆਂ ਵਾਲੇ ਪੋਸਟਰ ਲਗਾਉਣ ਦੀ ਗੱਲ ਕੀਤੀ ਹੈ।

 

 ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ 'ਤੇ ਪੂਰੀ ਐਮਰਜੈਂਸੀ ਦਾ ਐਲਾਨ, ਜਾਣੋ ਕੀ ਹੈ ਕਾਰਨ?

ਤਰੁਣ ਚੁੱਘ ਨੇ ਰਾਜਪਾਲ ਨੂੰ ਲਿਖਿਆ ਪੱਤਰ 


ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਲਿਖੇ ਪੱਤਰ ਵਿੱਚ ਤਰੁਣ ਚੁੱਘ ਨੇ ਲਿਖਿਆ ਹੈ ਕਿ ‘ਆਪ’ ਆਗੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੋ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਉਪ ਚੋਣ ਵਿੱਚ ‘ਮੋਦੀ ਹਟਾਓ ਦੇਸ਼ ਬਚਾਓ’ ਦੇ ਨਾਅਰੇ ਅਤੇ ਪੋਸਟਰ ਲਗਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਜਲੰਧਰ ਲੋਕ ਸਭਾ ਹਲਕੇ ਵਿਚ ਕਈ ਥਾਵਾਂ 'ਤੇ ਅਜਿਹੇ ਪੋਸਟਰ ਲਗਾਏ ਗਏ ਹਨ ਅਤੇ ਹਰਭਜਨ ਸਿੰਘ ਈਟੋ ਵੀ ਪੋਸਟਰ ਲਗਾਉਂਦੇ ਹੋਏ ਕੈਮਰੇ ਵਿਚ ਕੈਦ ਹੋ ਗਏ ਹਨ।


 



'ਪੋਸਟਰਾਂ 'ਤੇ ਛਾਪਣ ਵਾਲੇ ਵਿਅਕਤੀ ਦਾ ਨਾਮ ਪਤਾ ਨਹੀਂ '


ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਰਾਂ 'ਤੇ ਇਨ੍ਹਾਂ ਨੂੰ ਛਾਪਣ ਵਾਲੇ ਅਤੇ ਜਾਰੀ ਕਰਨ ਵਾਲੇ ਦਾ ਵੀ ਕੋਈ ਨਾਮ ਨਹੀਂ ਹੈ,ਜੋ ਕਿ MCC ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਰੂਰੀ ਹੈ। ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਬਿਨਾਂ ਨਾਮ ਅਤੇ ਪਤੇ ਤੋਂ ਚੋਣਾਂ ਨਾਲ ਸਬੰਧਤ ਪੋਸਟਰ ਨਹੀਂ ਛਾਪ ਸਕਦਾ। ਭਾਜਪਾ ਆਗੂ ਨੇ ਲਿਖਿਆ ਕਿ ਇਸ ਖੇਤਰ ਵਿੱਚ 10 ਮਈ 2023 ਨੂੰ ਚੋਣ ਹੈ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਨਿਰਪੱਖ ਚੋਣ ਪ੍ਰਕਿਰਿਆ ਵਿੱਚ ਰੁਕਾਵਟ ਆ ਸਕਦੀ ਹੈ। ਇਸ ਲਈ ਮੈਂ ਤੁਹਾਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬੇਨਤੀ ਕਰਦਾ ਹਾਂ।

'ਐਫਆਈਆਰ ਦਰਜ ਕੀਤੀ ਜਾਵੇ ਅਤੇ ਪੋਸਟਰ ਹਟਾਏ ਜਾਣ'

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਰਾਜਪਾਲ ਚਾਹੁਣ ਤਾਂ ਉਹ ਇਸ ਮਾਮਲੇ ਵਿੱਚ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਵੀ ਦਰਜ ਕਰਵਾ ਸਕਦੇ ਹਨ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਹਰਭਜਨ ਸਿੰਘ ਈਟੋ ਅਤੇ ਹੋਰ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਚੋਣ ਅਬਜ਼ਰਵਰਾਂ ਨੂੰ ਇਨ੍ਹਾਂ ਪੋਸਟਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਜਾਣ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਜਲੰਧਰ ਸੰਸਦੀ ਸੀਟ ਲਈ ਉਪ ਚੋਣ ਦਾ ਐਲਾਨ ਕਰ ਦਿੱਤਾ ਹੈ। ਜਿਸ ਤਹਿਤ 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।