Jalandhar Lok Sabha Election Result 2024: ਪੰਜਾਬ ਦੀ ਜਲੰਧਰ ਸੀਟ 'ਤੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਲਗਾਤਾਰ ਅੱਗੇ ਚੱਲ ਰਹੇ ਹਨ। ਚਰਨਜੀਤ ਚੰਨੀ ਨੂੰ 113930 ਵੋਟਾਂ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 75288 ਵੋਟਾਂ, ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਨੂੰ 64010 ਤੇ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਨੂੰ 20008 ਵੋਟਾਂ ਮਿਲੀਆਂ ਹਨ। 


ਚਰਨਜੀਤ ਚੰਨੀ ਨੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡਾ ਝਟਕਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਜਾਣਾ ਮਹਿੰਗਾ ਪਿਆ ਹੈ। ਸੁਸ਼ੀਲ ਕੁਮਾਰ ਰਿੰਕੂ ਕੁਝ ਸਮਾਂ ਪਹਿਲਾਂ ਹੀ ਜਲੰਧਰ ਤੋਂ ਚੰਗੇ ਫਰਕ ਨਾਲ ਜਿੱਤੇ ਸਨ ਪਰ ਇਸ ਵਾਰ ਵੋਟਰ ਉਨ੍ਹਾਂ ਨੂੰ ਦੂਜਾ ਮੌਕਾ ਨਹੀਂ ਦੇ ਰਹੇ।


ਦੱਸ ਦਈਏ ਕਿ ਜਲੰਧਰ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚ ਜਲੰਧਰ ਸ਼ਹਿਰ ਦੀਆਂ ਜਲੰਧਰ ਪੱਛਮੀ, ਉੱਤਰੀ, ਕੇਂਦਰੀ ਤੇ ਛਾਉਣੀ ਦੀਆਂ ਸੀਟਾਂ ਸ਼ਾਮਲ ਹਨ। ਜਦੋਂਕਿ ਦਿਹਾਤੀ ਹਲਕੇ ਵਿੱਚ ਕਰਤਾਰਪੁਰ, ਆਦਮਪੁਰ, ਫਿਲੌਰ, ਸ਼ਾਹਕੋਟ ਤੇ ਨਕੋਦਰ ਹਲਕੇ ਸ਼ਾਮਲ ਹਨ।


ਇੱਥੇ ਵੋਟਾਂ ਦੀ ਗਿਣਤੀ ਲਈ ਇੱਕ ਗਿਣਤੀ ਕੇਂਦਰ ਬਣਾਇਆ ਗਿਆ ਹੈ ਜਿਸ ਵਿੱਚ 800 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ 1000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।


ਇੱਥੋਂ ਪਹਿਲਾਂ ਹੀ ਮੁੱਖ ਮੁਕਾਬਲਾ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਤੇ ਭਾਜਪਾ ਦੇ ਸੁਸ਼ੀਲ ਰਿੰਕੂ ਤੇ ‘ਆਪ’ ਦੇ ਪਵਨ ਟੀਨੂੰ ਵਿਚਕਾਰ ਮੰਨਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਤੇ ਬਸਪਾ ਦੇ ਐਡਵੋਕੇਟ ਬਲਵਿੰਦਰ ਕੁਮਾਰ ਵੀ ਚੋਣ ਮੈਦਾਨ ਵਿੱਚ ਹਨ। ਇਸ ਵਾਰ ਇਸ ਸੀਟ 'ਤੇ 59.07 ਫੀਸਦੀ ਵੋਟਿੰਗ ਹੋਈ। ਪਿਛਲੀਆਂ ਜ਼ਿਮਨੀ ਚੋਣਾਂ ਵਿੱਚ ਇਹ ਵੋਟ ਪ੍ਰਤੀਸ਼ਤਤਾ ਸਿਰਫ਼ 54% ਸੀ।


ਸਭ ਤੋਂ ਵੱਧ ਵੋਟਾਂ ਜਲੰਧਰ ਪੱਛਮੀ ਹਲਕੇ 'ਚ ਕਰੀਬ 64 ਫੀਸਦੀ ਪਈਆਂ। ਇਸ ਤੋਂ ਬਾਅਦ ਜਲੰਧਰ ਉੱਤਰੀ 'ਚ 62.10 ਫੀਸਦੀ, ਸ਼ਾਹਕੋਟ 'ਚ 58.79 ਫੀਸਦੀ, ਆਦਮਪੁਰ 'ਚ 58.50 ਫੀਸਦੀ, ਨਕੋਦਰ 'ਚ 58.40 ਫੀਸਦੀ, ਕਰਤਾਰਪੁਰ 'ਚ 57.98 ਫੀਸਦੀ, ਜਲੰਧਰ ਕੈਂਟ 'ਚ 57.95 ਫੀਸਦੀ, ਫਿਲੌਰ 'ਚ 57.80 ਫੀਸਦੀ ਤੇ ਜਲੰਧਰ ਸੈਂਟਰਲ 'ਚ 56.80 ਫੀਸਦੀ ਵੋਟਾਂ ਪਈਆਂ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।