Jalandhar News: ਪੰਜਾਬ ਵਿੱਚ ਜੋ ਸਰਕਾਰਾਂ ਨਹੀਂ ਕਰ ਸਕੀਆਂ, ਉਹ ਪਰਵਾਸੀ ਪੰਜਾਬੀ ਕਰ ਵਿਖਾਉਂਦੇ ਹਨ। ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਤਾਜ਼ਾ ਮਾਮਲਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭੰਡਾਲ ਦੋਨਾ ਦਾ ਹੈ। ਇੱਥੇ ਪਰਵਾਸੀ ਪੰਜਾਬੀ ਪਰਵਿੰਦਰ ਸਿੰਘ ਭਿੰਦਾ ਵੱਲੋਂ ਸਰਕਾਰੀ ਸਕੂਲ ਦੀ ਦਿੱਖ ਸੁਆਰਨ ਲਈ 50 ਲੱਖ ਰੁਪਏ ਖਰਚੇ ਗਏ ਹਨ। ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


ਪਰਵਾਸੀ ਪੰਜਾਬੀ ਵੱਲੋਂ ਬਣਵਾਈ ਇਸ ਨਵੀਂ ਇਮਾਰਤ ਦਾ ਉਦਘਾਟਨ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ। ਕੈਨੇਡਾ ਰਹਿੰਦੇ ਪਰਵਾਸੀ ਪੰਜਾਬੀ ਪਰਵਿੰਦਰ ਸਿੰਘ ਭਿੰਦਾ ਦਾ ਆਪਣੇ ਪਿੰਡ ਭੰਡਾਲ ਦੋਨਾ ਨਾਲ ਅੰਤਾਂ ਦਾ ਮੋਹ ਹੈ। ਉਨ੍ਹਾਂ ਦੱਸਿਆ ਕਿ ਉਹ 28 ਸਾਲ ਪਹਿਲਾਂ ਕੈਨੇਡਾ ਚਲੇ ਗਏ ਸਨ ਪਰ ਪਿੰਡ ਨਾਲ ਮੋਹ ਉਨ੍ਹਾਂ ਨੂੰ ਵਾਰ-ਵਾਰ ਇਥੇ ਖਿੱਚ ਲਿਆਂਦਾ ਹੈ। 


ਉਨ੍ਹਾਂ ਦੱਸਿਆ ਕਿ ਆਂਗਣਵਾੜੀ ਸੈਂਟਰ ਪ੍ਰਇਮਰੀ ਤੇ ਮਿਡਲ ਸਕੂਲ ਦੀ ਦਿੱਖ ਸੁਧਾਰਨ ਲਈ ਉਨ੍ਹਾਂ ਨੇ ਆਪਣੀ ਕਮਾਈ ਵਿੱਚੋਂ 50 ਲੱਖ ਰੁਪਏ ਖਰਚ ਕੀਤੇ ਹਨ। ਸਕੂਲ ਦੀ ਨਵੀਂ ਦਿੱਖ ਨਿੱਜੀ ਸਕੂਲ ਦੀਆਂ ਇਮਾਰਾਤਾਂ ਨੂੰ ਵੀ ਮਾਤ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ 8 ਸਾਲ ਪਹਿਲਾਂ ਪਿੰਡ ਵਿਚ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸੀਵਰੇਜ ਪਾਉਣ ਦਾ ਕੰਮ ਨੇਪਰੇ ਚਾੜ੍ਹਿਆ ਸੀ। 


ਇਸ ਪ੍ਰਾਜੈਕਟ ਨਾਲ ਪਿੰਡ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲੀ ਹੈ। ਉਨ੍ਹਾਂ ਨੇ ਹੋਰਨਾਂ ਪਰਵਾਸੀ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਪਿੰਡਾਂ ਦੇ ਵਿਕਾਸ ਵਿੱਚ ਆਰਥਿਕ ਪੱਖੋਂ ਸਹਿਯੋਗ ਦਿੱਤਾ ਜਾਏ ਤਾਂ ਕਿ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ।



ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਦਘਾਟਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਆਪਣੇ ਪਿੰਡਾਂ ਨੂੰ ਗੋਦ ਲੈਣ ਤਾਂ ਜੋ ਪਿੰਡਾਂ ਵਿੱਚ ਵੀ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਬਿਹਤਰ ਹੋ ਸਕਣ। ਉਨ੍ਹਾਂ ਅਪੀਲ ਕੀਤੀ ਕਿ ਪਰਵਾਸੀ ਭਾਰਤੀ ਜਿੱਥੇ ਹਰ ਸਾਲ ਕਬੱਡੀ ਦੇ ਮੁਕਾਬਲਿਆਂ ’ਤੇ ਕਰੋੜਾਂ ਰੁਪਏ ਖਰਚਦੇ ਹਨ, ਉੇਥੇ ਉਹ ਆਪਣੇ ਪਿੰਡਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਚੇਵਾਲ ਮਾਡਲ ਨੂੰ ਆਪਣਾਉਣ ਤਾਂ ਜੋ ਪਿੰਡ ਦਾ ਸੋਧਿਆ ਹੋਇਆ ਪਾਣੀ ਖੇਤੀ ਨੂੰ ਲੱਗ ਸਕੇ।