ਜਲੰਧਰ: ਨਕੋਦਰ ਵਿਧਾਨ ਸਭਾ ਸੀਟ ਵਿੱਚ ਪੈਂਦੇ ਪਿੰਡ ਬੈਨਾਪੁਰ ਵਿੱਚ ਸਰਪੰਚੀ ਦੀਆਂ ਚੋਣਾਂ ਦਾ ਕੋਈ ਸ਼ੋਰ ਨਹੀਂ ਹੈ। ਪ੍ਰਸ਼ਾਸ਼ਨ ਦੀ ਇੱਕ ਗਲਤੀ ਕਾਰਨ ਇੱਥੋਂ ਦੀਆਂ ਚੋਣਾਂ ਹੀ ਟਾਲਣੀਆਂ ਪੈ ਗਈਆਂ ਹਨ। ਸਿਰਫ 50 ਘਰਾਂ ਵਾਲੇ ਇਸ ਪਿੰਡ ਵਿੱਚ ਕੋਈ ਐਸਸੀ ਪਰਿਵਾਰ ਨਹੀਂ ਰਹਿੰਦਾ ਜਦਕਿ ਪ੍ਰਸ਼ਾਸਨ ਨੇ ਇੱਥੇ ਦੇ ਸਰਪੰਚ ਦੇ ਅਹੁਦੇ ਨੂੰ ਐਸਸੀ ਰਿਜ਼ਰਵ ਕਰ ਦਿੱਤਾ ਹੈ। ਹੁਣ ਇਸ ਪਿੰਡ ਵਿੱਚ ਸਰਪੰਚੀ ਦੀਆਂ ਚੋਣਾਂ ਤੋਂ ਬਾਅਦ ਚੋਣ ਹੋਵੇਗੀ।
ਸਰਪੰਚੀ ਦੀ ਚੋਣ ਨਾ ਹੋਣ ਕਾਰਨ ਪਿੰਡ ਦੇ ਪੰਚ ਵੀ ਬੜੇ ਪ੍ਰੇਸ਼ਾਨ ਹਨ। ਸਰਬਜੀਤ ਕੌਰ ਨਾਂ ਦੀ ਮਹਿਲਾ ਦੋ ਵਾਰ ਪਿੰਡ ਦੀ ਪੰਚ ਰਹਿ ਚੁੱਕੀ ਹੈ ਅਤੇ ਤੀਸਰੀ ਵਾਰ ਚੋਣਾਂ ਲੜ ਰਹੀ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ ਕਦੇ ਇਹ ਨਹੀਂ ਹੋਇਆ ਪਰ ਇਸ ਵਾਰ ਪ੍ਰਸ਼ਾਸਨ ਦੀ ਗ਼ਲਤੀ ਨਾਲ ਅਜਿਹਾ ਹੋ ਗਿਆ ਹੈ। ਜਦ ਪਿੰਡ ਵਿੱਚ ਇੱਕ ਵੀ ਐਸਸੀ ਵੋਟਰ ਹੀ ਨਹੀਂ ਹੈ ਤਾਂ ਸਰਪੰਚ ਐਸਸੀ ਕਿਵੇਂ ਹੋ ਸਕਦਾ ਹੈ?
ਜ਼ਿਕਰਯੋਗ ਹੈ ਕਿ ਜਲੰਧਰ ਪ੍ਰਸ਼ਾਸਨ ਦੀ ਰਿਪੋਰਟ 'ਤੇ ਹੀ ਇਸ ਪਿੰਡ ਦੇ ਸਰਪੰਚ ਦੇ ਅਹੁਦੇ ਨੂੰ ਐਸਸੀ ਵਾਸਤੇ ਰਿਜ਼ਰਵ ਕੀਤਾ ਗਿਆ ਸੀ। ਪਿੰਡ ਦੇ ਲੋਕਾਂ ਨੂੰ ਜਦੋਂ ਜਲੰਧਰ ਪ੍ਰਸ਼ਾਸਨ ਦੀ ਇਸ ਗਲਤੀ ਦਾ ਪਤਾ ਲੱਗਾ ਤਾਂ ਉਨਾਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸੂਬੇ ਦੇ ਇਲੈਕਸ਼ਨ ਕਮਿਸ਼ਨ ਮੁਤਾਬਕ ਹੁਣ ਚੋਣ ਜਾਬਤਾ ਲੱਗਾ ਹੋਇਆ ਹੈ ਇਸ ਲਈ ਕੁੱਝ ਬਦਲਾਅ ਨਹੀਂ ਕਰ ਸਕਦੇ। ਚੋਣਾਂ ਤੋਂ ਕੁਝ ਦਿਨ ਬਾਅਦ ਇਸ ਪਿੰਡ ਵਿੱਚ ਸਰਪੰਚੀ ਦੀ ਚੋਣ ਕਰਵਾ ਦਿੱਤੀ ਜਾਵੇਗੀ।