ਜਲੰਧਰ: ਦੋ ਦਿਨ ਪਹਿਲਾਂ ਜਲੰਧਰ ਦੇ ਪੀਏਪੀ ਚੌਕ 'ਚ ਕੁੜੀ 'ਤੇ ਐਸਿਡ ਸੁੱਟਣ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੱਕ ਨਿੱਜੀ ਹਸਪਤਾਲ 'ਚ ਕੰਮ ਕਰਨ ਵਾਲੀ ਲੜਕੀ 'ਤੇ ਉਸ ਦੀ ਮਾਸੀ ਦੇ ਹੀ ਮੁੰਡੇ ਨੇ ਹੀ ਸਾਜ਼ਿਸ਼ ਤਹਿਤ ਤੇਜ਼ਾਬੀ ਕੈਮੀਕਲ ਸੁੱਟਿਆ ਸੀ। ਇਸ ਪੂਰੇ ਮਾਮਲੇ 'ਚ ਮੁੱਖ ਮੁਲਜ਼ਮ ਨੇ ਤਿੰਨ ਹੋਰ ਮੁੰਡਿਆਂ ਦੀ ਮਦਦ ਲਈ ਸੀ। ਤਿੰਨ ਮੁਲਜ਼ਮ ਪੁਲਿਸ ਦੀ ਗ੍ਰਿਫਤ 'ਚ ਆ ਗਏ ਹਨ ਜਦਕਿ ਇੱਕ ਫਰਾਰ ਚੱਲ ਰਿਹਾ ਹੈ।
ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਜਸਵਿੰਦਰ ਪੀੜਤਾ ਦੀ ਮਾਸੀ ਦਾ ਮੁੰਡਾ ਹੈ। ਉਹ ਕੁੜੀ ਨੂੰ ਇੱਕਤਰਫਾ ਪਿਆਰ ਕਰਦਾ ਸੀ, ਪਰ ਕੁੜੀ ਦੇ ਪਰਿਵਾਰ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ। ਉਸ ਨੇ ਇਸ ਗੱਲ ਤੋਂ ਖਫਾ ਹੋ ਕੇ ਲੜਕੀ ਦੀ ਜ਼ਿੰਦਗੀ ਖਰਾਬ ਕਰਨ ਦੀ ਸੋਚੀ।
ਹਿਮਾਚਲ ਦੇ ਊਨਾ ਦੇ ਰਹਿਣ ਵਾਲੇ ਜਸਵਿੰਦਰ ਨੇ ਇਸ ਵਾਰਦਾਤ 'ਚ ਲੁਧਿਆਣਾ ਦੇ ਗੁਰਦੀਪ, ਮਨੀ ਤੇ ਪ੍ਰੀਤ ਨੂੰ ਕੁਝ ਪੈਸੇ ਦੇ ਕੇ ਆਪਣੇ ਨਾਲ ਰਲਾਇਆ ਸੀ। ਫਿਲਹਾਲ ਪ੍ਰੀਤ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ।