ਜਲੰਧਰ: ਪੰਚਾਇਤ ਚੋਣਾਂ ਦੇ ਮੱਦੇਨਜ਼ਰ ਮਾਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ। ਪਿੰਡ ਬੇਗਮਪੁਰਾ ਵਿੱਚ ਸਰਪੰਚੀ ਦੀ ਚੋਣ ਲਈ ਸੱਸ ਅਤੇ ਨੂੰਹ ਆਹਮੋ-ਸਾਹਮਣੇ ਹੋ ਗਈਆਂ ਹਨ। ਸੱਸ ਅਤੇ ਨੂੰਹ ਦੀ ਇਸ ਲੜਾਈ ਵਿੱਚ ਪੂਰਾ ਪਿੰਡ ਭੰਬਲਭੂਸੇ ਵਿੱਚ ਪੈ ਗਿਆ ਹੈ ਕਿ ਆਖ਼ਰ ਵੋਟ ਕਿਸ ਨੂੰ ਦੇਈਏ। ਜਲੰਧਰ ਦੇ ਪਿੰਡ ਬੇਗਮਪੁਰਾ ਵਿੱਚ ਕਰੀਬ 60 ਘਰ ਹਨ ਅਤੇ ਕੁੱਲ ਮਿਲਾ ਕੇ ਡੇਢ ਸੌ ਦੇ ਕਰੀਬ ਵੋਟਾਂ ਬਣਦੀਆਂ ਹਨ। ਇਹ ਪਿੰਡ ਅੱਜਕਲ੍ਹ ਕੁਝ ਜ਼ਿਆਦਾ ਹੀ ਸੁਰਖੀਆਂ ਵਿੱਚ ਹੈ ਜਿਸ ਦਾ ਕਾਰਨ ਸੱਸ ਅਤੇ ਨੂੰਹ ਵਿਚਾਲੇ ਹੋਣ ਵਾਲਾ ਸਰਪੰਚੀ ਦਾ ਮੁਕਾਬਲਾ ਹੈ।


ਸੱਸ ਵਿਮਲਾ ਦੇਵੀ ਤਿੰਨ ਵਾਰ ਪਿੰਡ ਦੀ ਪੰਚ ਰਹਿ ਚੁੱਕੀ ਹੈ ਅਤੇ ਇਸ ਵਾਰ ਸਰਪੰਚ ਬਣਨਾ ਚਾਹੁੰਦੀ ਹੈ। ਦੂਜੇ ਪਾਸੇ ਗ੍ਰੈਜੂਏਟ ਨੂੰਹ ਪਿੰਡ ਦੀ ਸਰਪੰਚ ਬਣ ਕੇ ਪਿੰਡ ਦਾ ਵਿਕਾਸ ਕਰਵਾਉਣਾ ਚਾਹੁੰਦੀ ਹੈ। ਸੱਸ-ਨੂੰਹ ਦਾ ਮੁਕਾਬਲਾ ਜਦੋਂ ਘਰੋਂ ਬਾਹਰ ਨਿਕਲਿਆਂ ਤਾਂ ਦੋਵਾਂ ਨੇ ਲੋਕਾਂ ਤੇ ਖ਼ਾਸ ਕਰਕੇ ਮੀਡੀਆ ਤੋਂ ਬਚਣਾ ਸ਼ੁਰੂ ਕਰ ਦਿੱਤਾ।

ਇਸ ਸਬੰਧੀ ਪਿੰਡ ਵਿੱਚ ਰਹਿਣ ਵਾਲੇ ਸਾਬਕਾ ਫੌਜੀ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਲਿਆਂ ਨੇ ਦੋਹਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਸੇ ਦੀ ਨਹੀਂ ਸੁਣੀ। ਉਹ ਖ਼ੁਦ ਹੈਰਾਨ ਹਨ ਕਿ ਪਿੰਡ ਵਿੱਚ ਹੋ ਕੀ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਦੋਹਵਾਂ ਵਿੱਚੋ ਕੋਈ ਇੱਕ ਜਣਾ ਕਾਗਜ਼ ਵਾਪਿਸ ਲੈ ਲਵੇ ਪਰ ਅਜਿਹਾ ਹੋਇਆ ਨਹੀਂ।

ਹਾਲਾਂਕਿ ਜਦੋਂ ਪੜ੍ਹੀ-ਲਿਖੀ ਨੌਜਵਾਨ ਨੂੰਹ ਜਾਂ ਤਿੰਨ ਵਾਰ ਪਿੰਡ ਦੀ ਸਰਪੰਚ ਰਹਿ ਚੁੱਕੀ ਤਜਰਬੇਕਾਰ ਸੱਸ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਗੱਲ ਆਉਂਦੀ ਹੈ ਤਾਂ ਪਿੰਡ ਦੇ ਲੋਕ ਨੂੰਹ ਵੱਲ ਜ਼ਿਆਦਾ ਧਿਆਨ ਦਿੰਦੇ ਵਿਖਾਈ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੱਸ ਤਾਂ ਤਿੰਨ ਵਾਰ ਪੰਚ ਰਹਿ ਚੁੱਕੀ ਹੈ, ਹੁਣ ਤਾਂ ਨੂੰਹ ਨੂੰ ਅੱਗੇ ਆਉਣ ਦੇਣਾ ਚਾਹੀਦਾ।