Jallianwala Bagh: ਪੰਜਾਬ ਦੇ ਅੰਮ੍ਰਿਤਸਰ ਵਿੱਚ ਸਥਿਤ ਇਤਿਹਾਸਕ ਜਲ੍ਹਿਆਂਵਾਲਾ ਬਾਗ ਨੂੰ ਦੇਖਣ ਲਈ ਦੁਨੀਆਂ ਭਰ ਤੋਂ ਲੋਕ ਆਉਂਦੇ ਹਨ। ਪਰ ਹੁਣ ਸੈਲਾਨੀ ਜਲਿਆਂਵਾਲਾ ਬਾਗ ਦੇ ਖੂਹ ਵਿੱਚ ਸਿੱਕੇ ਨਹੀਂ ਸੁੱਟ ਸਕਣਗੇ। ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਵਿੱਚ ਪੈਸੇ ਸੁੱਟਣ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਬਾਗ ਦੇ ਇਤਿਹਾਸਕ ਖੂਹ ਦੇ ਉਪਰਲੇ ਹਿੱਸੇ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਖੂਹ ਦੇ ਬਾਹਰ ਨੋਟਿਸ ਬੋਰਡ ਵੀ ਲਗਾਇਆ ਗਿਆ ਸੀ। ਜਿਸ ਵਿੱਚ ਖੂਹ ਵਿੱਚ ਸਿੱਕੇ ਨਾ ਪਾਉਣ ਦੀ ਅਪੀਲ ਕੀਤੀ ਗਈ ਸੀ, ਫਿਰ ਵੀ ਸੈਲਾਨੀਆਂ ਵੱਲੋਂ ਪੈਸੇ ਸੁੱਟੇ ਜਾਣ ਦੇ ਚਲਦੇ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ।
ਸ਼ਹੀਦਾਂ ਨੂੰ ਨਮਨ ਕਰਨ ਲਈ ਸੈਲਾਨੀਆਂ ਵੱਲੋਂ ਅਕਸਰ ਇਸ ਖੂਹ 'ਚ ਪੈਸੇ ਸੁੱਟੇ ਜਾਂਦੇ ਹਨ । ਜਿਸ 'ਤੇ ਹੁਣ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ।
ਦੱਸ ਦੇਈਏ ਕਿ 2019 ਵਿੱਚ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਸ਼ਤਾਬਦੀ ਦੇ ਸੰਦਰਭ ਵਿੱਚ ਕੇਂਦਰ ਸਰਕਾਰ ਵੱਲੋਂ ਇਸ ਦਾ ਨਵੀਨੀਕਰਨ ਕੀਤਾ ਗਿਆ ਸੀ।
ਖੂਹ ਵਿੱਚ ਪੈਸੇ ਪਾਉਣੇ ਬੰਦ ਕਰਨ ਅਤੇ ਇੱਥੋਂ ਹਰ ਮਹੀਨੇ ਕਿੰਨੇ ਪੈਸੇ ਕਢਵਾਏ ਜਾਂਦੇ ਹਨ, ਇਸ ਪੈਸੇ ਦਾ ਹਿਸਾਬ ਕਿਤਾਬ ਕਿੱਥੇ ਦਰਜ ਹੈ ਅਤੇ ਇਹ ਪੈਸਾ ਕਿੱਥੇ ਵਰਤਿਆ ਜਾਂਦਾ ਹੈ। ਇਸ ਮੁੱਦੇ ਬਾਰੇ ਅੰਮ੍ਰਿਤਸਰ ਦੇ ਵਕੀਲ ਅਤੇ ਆਰਟੀਆਈ ਕਾਰਕੁਨ ਐਡਵੋਕੇਟ ਪੀਸੀ ਸ਼ਰਮਾ ਨੇ ਭਾਰਤ ਸਰਕਾਰ, ਕੇਂਦਰੀ ਸੱਭਿਆਚਾਰਕ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖਿਆ ਹੈ। ਆਰਟੀਆਈ ਤਹਿਤ ਖੂਹ ਵਿੱਚ ਸੁੱਟੇ ਸਿੱਕਿਆਂ ਬਾਰੇ ਜਾਣਕਾਰੀ ਮੰਗੀ ਗਈ ਸੀ। ਪਰ ਖੂਹ ਵਿੱਚ ਸੁੱਟੇ ਜਾ ਰਹੇ ਸਿੱਕਿਆਂ ਬਾਰੇ ਕੋਈ ਲੇਖਾ ਜੋਖਾ ਨਹੀਂ ਮਿਲਿਆ। ਹੁਣ ਮੰਤਰਾਲੇ ਨੇ ਸਿੱਕੇ ਸੁੱਟਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਨਵੀਨੀਕਰਨ ਤੋਂ ਬਾਅਦ ਬਾਗ 28 ਅਗਸਤ 2021 ਨੂੰ ਖੋਲ੍ਹਿਆ ਗਿਆ। ਸਰਕਾਰ ਦੇ ਹੁਕਮਾਂ 'ਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ 28 ਅਗਸਤ ਤੋਂ ਹੁਣ ਤੱਕ ਬਾਗ ਦੇ ਖੂਹ 'ਚੋਂ ਸਾਢੇ ਅੱਠ ਲੱਖ ਰੁਪਏ ਕਢਵਾ ਕੇ ਜਲਿਆਂਵਾਲਾ ਬਾਗ ਯਾਦਗਾਰੀ ਟਰੱਸਟ ਦੇ ਖਾਤੇ 'ਚ ਜਮ੍ਹਾ ਕਰਵਾਏ ਜਾ ਚੁੱਕੇ ਹਨ। ਹੁਣ ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਨੂੰ ਖੂਹ ਦਾ ਮੂੰਹ ਬੰਦ ਕਰਨ ਦੇ ਹੁਕਮ ਦਿੱਤੇ ਹਨ।