Farmers Protest: ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ 'ਤੇ ਪਿਛਲੇ 138 ਦਿਨਾਂ ਤੋਂ ਡੇਰੇ ਲਾਈ ਬੈਠੇ ਕਿਸਾਨਾਂ ਦੀ ਹਮਾਇਤ ਲਈ ਜੰਮੂ-ਕਸ਼ਮੀਰ ਤੋਂ ਕਿਸਾਨ ਪਹੁੰਚੇ। ਗਰਮੀ ਦੇ ਕਹਿਰ ਵਿੱਚ ਡਟੇ ਕਿਸਾਨਾਂ ਦੀ ਹਿੰਮਤ ਨੂੰ ਜੰਮੂ-ਕਸ਼ਮੀਰ ਦੇ ਕਿਸਾਨਾਂ ਨੇ ਸਲਾਮ ਕੀਤਾ। ਉਨ੍ਹਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਡਟਣ ਦਾ ਭਰੋਸਾ ਦੁਆਇਆ।


ਦੱਸ ਦਈਏ ਕਿ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ 'ਤੇ ਹਜ਼ਾਰਾਂ ਕਿਸਾਨ 23 ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਪਿਛਲੇ 138 ਦਿਨਾਂ ਤੋਂ ਡਟੇ ਹੋਏ ਹਨ। ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਸਮੇਤ ਕਈ ਰਾਜਾਂ ਦੇ ਲੋਕ ਇਨ੍ਹਾਂ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਹਨ ਤੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਹੈ। 


ਇਸੇ ਕੜੀ ਤਹਿਤ ਹੁਣ ਕਿਸਾਨ ਸੰਘਰਸ਼ ਵਿੱਚ ਜੰਮੂ-ਕਸ਼ਮੀਰ ਦੇ ਮੁਸਲਮਾਨ ਕਿਸਾਨ ਵੀ ਪਹੁੰਚੇ। ਇਹ ਕਿਸਾਨ  ਸੇਬ ਤੇ ਲੱਕੜ ਦੀ ਕਾਸ਼ਤ ਕਰਦੇ ਹਨ। ਉਹ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਲਈ ਸ਼ਨੀਵਾਰ ਨੂੰ ਸ਼ੰਭੂ ਸਰਹੱਦ 'ਤੇ ਪਹੁੰਚੇ ਤੇ ਕਿਸਾਨ ਲੀਡਰਾਂ ਨੂੰ ਹਰ ਤਰ੍ਹਾਂ ਦੇ ਸਮਰਥਨ ਦਾ ਭਰੋਸਾ ਦਿੱਤਾ।


ਕਸ਼ਮੀਰ ਦੇ ਸ਼ੋਪੀਆਂ ਤੋਂ ਜ਼ਿਲ੍ਹਾ ਪ੍ਰਧਾਨ ਮੁਹੰਮਦ ਯੂਸਫ਼ ਕਾਜ਼ੀ ਨੇ ਕਿਹਾ ਕਿ ਉਹ ਆਪਣੀ ਮਿਹਨਤ ਦੀ ਕਮਾਈ ਕਸ਼ਮੀਰ ਦੇ ਬਾਗਾਂ ਵਿੱਚ ਸੇਬ ਤੇ ਲੱਕੜ ਦੀ ਖੇਤੀ ਕਰਨ ਲਈ ਲਾ ਰਹੇ ਹਨ ਤੇ ਪੂਰੇ ਦੇਸ਼ ਵਿੱਚ ਸੇਬਾਂ ਦੀ ਮਿਠਾਸ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨਾਲ ਅਸੀਂ ਵੀ ਦੋ-ਚਾਰ ਹੋ ਰਹੇ ਹਾਂ। 


ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾ ਦਿੱਤੀ ਹੈ ਤੇ ਸਰਮਾਏਦਾਰਾਂ ਨੂੰ ਕਸ਼ਮੀਰ 'ਚ ਦਾਖਲ ਹੋ ਕੇ ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਇਸ ਵਿੱਚ ਸਾਡੇ ਰਾਜ ਦੇ ਕੁਝ ਲੋਕ ਵੀ ਗੈਰ-ਕਾਨੂੰਨੀ ਤਰੀਕਿਆਂ ਨਾਲ ਉਨ੍ਹਾਂ ਦਾ ਦਾਖਲਾ ਕਰਵਾਉਣਾ ਚਾਹੁੰਦੇ ਹਨ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। 


ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਭਰਾਵਾਂ ਨੂੰ ਜੇ ਸਾਡੀ ਲੋੜ ਹੈ ਤਾਂ ਅਸੀਂ ਉਨ੍ਹਾਂ ਨੂੰ ਕਿਵੇਂ ਛੱਡ ਸਕਦੇ ਹਾਂ। ਇਸੇ ਲਈ ਅਸੀਂ ਉਸ ਦਾ ਸਮਰਥਨ ਕਰਨ ਲਈ ਇੰਨੀ ਦੂਰੋਂ ਆਏ ਹਾਂ। ਕਸ਼ਮੀਰੀ ਮੁਸਲਿਮ ਕਿਸਾਨ ਨਜ਼ੀਰ ਅਹਿਮਦ ਲੋਨ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਨ। ਹਰ ਸੂਬੇ ਦੇ ਕਿਸਾਨਾਂ ਦੀ ਕੋਈ ਨਾ ਕੋਈ ਸਮੱਸਿਆ ਹੈ, ਜਿਸ ਦਾ ਹੱਲ ਦੇਸ਼ ਭਰ ਦੇ ਕਿਸਾਨ ਇਕੱਠੇ ਹੋ ਕੇ ਲੱਭ ਸਕਦੇ ਹਨ ਤੇ ਦੇਸ਼ ਦੀ ਗੂੰਗੀ-ਬੋਲੀ ਸਰਕਾਰ ਦੇ ਕੰਨ ਖੋਲ੍ਹ ਸਕਦੇ ਹਨ। 


ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਇਕੱਠੇ ਨਾ ਹੋਏ ਤਾਂ ਸਰਮਾਏਦਾਰਾਂ ਨੂੰ ਸਮੁੱਚੇ ਦੇਸ਼ ਦੇ ਵਸੀਲਿਆਂ ਤੇ ਜ਼ਮੀਨਾਂ ’ਤੇ ਕਾਬਜ਼ ਹੋਣ ਵਿੱਚ ਦੇਰ ਨਹੀਂ ਲੱਗੇਗੀ। ਸ਼ੰਭੂ ਸਰਹੱਦ 'ਤੇ ਮੌਜੂਦ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਕਿਸਾਨਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਸਰਮਾਏਦਾਰਾਂ ਵਿਰੁੱਧ ਵੀ ਲੜ ਰਹੇ ਹਾਂ ਜੋ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨਾ ਚਾਹੁੰਦੇ ਹਨ। ਸਾਡੀ ਲੜਾਈ ਫਸਲ ਤੇ ਨਸਲ ਨੂੰ ਬਚਾਉਣ ਦੀ ਲੜਾਈ ਹੈ।


ਇਹ ਵੀ ਪੜ੍ਹੋ: Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ