ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਤੇ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ 33ਵੀਆਂ ਜਰਖੜ ਖੇਡਾਂ ਇਸ ਵਰ੍ਹੇ 13, 14 ਤੇ 15 ਦਸੰਬਰ ਨੂੰ 5 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਹੋਣਗੀਆਂ। ਖੇਡਾਂ ਦੇ ਫਾਈਨਲ ਸਮਾਰੋਹ 'ਤੇ ਖੇਡਾਂ ਤੇ ਸਮਾਜ ਪ੍ਰਤੀ ਵਧੀਆ ਸੇਵਾਵਾਂ ਦੇਣ ਵਾਲੀਆਂ 6 ਸ਼ਖਸੀਅਤਾਂ ਦਾ ਸਨਮਾਨ ਹੋਏਗਾ। ਸਾਰੀਆਂ ਜੇਤੂ ਟੀਮਾਂ ਨੂੰ ਲੱਖਾਂ ਦੀ ਨਗਦ ਰਾਸ਼ੀ ਤੋਂ ਇਲਾਵਾ 100 ਦੇ ਕਰੀਬ ਸਾਈਕਲ ਦੇ ਕੇ ਸਨਮਾਨਿਆ ਜਾਏਗਾ। ਇਸ ਤੋਂ ਇਲਾਵਾ ਸਿੱਖਿਆ ਖੇਤਰ 'ਚ ਮੱਲਾਂ ਮਾਰਨ ਵਾਲੇ ਇਲਾਕੇ ਦੇ ਹੋਣਹਾਰ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਏਗਾ।
ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਹੋਈ ਟਰੱਸਟ ਦੀ ਮੀਟਿੰਗ 'ਚ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ ਦੀਆਂ ਖੇਡਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੀਆਂ। ਇੰਨ੍ਹਾਂ ਖੇਡਾਂ ਵਿੱਚ ਕਬੱਡੀ ਆਲ ਓਪਨ ਨਾਇਬ ਸਿੰਘ ਗਰੇਵਾਲ ਜੋਧਾਂ ਕੱਪ ਲਈ ਨਾਮੀ ਟੀਮਾਂ ਤੇ ਅੰਤਰ-ਰਾਸ਼ਟਰੀ ਪੱਧਰ 'ਤੇ ਕਬੱਡੀ ਸਟਾਰ ਆਪਣੀ ਖੇਡ ਹੁਨਰ ਦਾ ਪ੍ਰਗਟਾਵਾ ਕਰਨਗੇ।
ਇਸ ਤੋਂ ਇਲਾਵਾ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਹਾਕੀ ਕੱਪ ਲਈ ਮਰਦਾਂ ਤੇ ਇਸਤਰੀਆਂ ਦੀਆਂ ਵਿਭਾਗੀ ਟੀਮਾਂ ਤੋਂ ਇਲਾਵਾ ਅੰਡਰ-17 ਸਾਲ ਅਤੇ ਅੰਡਰ-10 ਸਾਲ ਸਬ ਜੂਨੀਅਰ ਵਰਗ ਦੇ ਹਾਕੀ ਮੁਕਾਬਲੇ ਵੀ ਹੋਣਗੇ। ਇੰਨ੍ਹਾਂ ਖੇਡਾਂ 'ਚ ਹਾਕੀ, ਕਬੱਡੀ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ, ਬਾਸਕਿਟਬਾਲ, ਕਬੱਡੀ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ), ਕੁਸ਼ਤੀਆਂ, ਸਾਈਕਲਿੰਗ ਆਦਿ ਹੋਰ ਖੇਡਾਂ ਦੇ ਮੁਕਾਬਲੇ ਕਰਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਕਬੱਡੀ ਆਲ ਓਪਨ ਨਾਏਿਬ ਸਿੰਘ ਗਰੇਵਾਲ ਜੋਧਾਂ ਕਬੱਡੀ ਕੱਪ ਦੀ ਚੈਂਪੀਅਨ ਟੀਮ ਨੂੰ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਇਕਬਾਲ ਸਿੰਘ ਗਰੇਵਾਲ ਮਨੀਲਾ ਜਸਪਾਲ ਸਿੰਘ ਗਰੇਵਾਲ ਮਨੀਲਾ ਤੇ ਉੱਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਕੁਲਜੀਤ ਸਿੰਘ ਬਾਠ ਮਨੀਲਾ ਵੱਲੋਂ ਦਿੱਤੀ ਜਾਵੇਗੀ ਜਦਕਿ ਮਹਿੰਦਰਪ੍ਰਤਾਪ ਗਰੇਵਾਲ ਟਰੱਸਟ ਵੱਲੋਂ ਹਾਕੀ ਦੇ ਜੇਤੂਆਂ ਲਈ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।