Punjab Police Arrest Jasbir Singh: ਭਾਰਤ-ਪਾਕਿਸਤਾਨ ਤਣਾਅ ਮਗਰੋਂ ਯੂਟਿਊਬਰਾਂ ਦੀ ਸ਼ਾਮਤ ਆ ਗਈ ਹੈ। ਏਜੰਸੀਆਂ ਯੂਟਿਊਬਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਖੰਗਾਲ ਰਹੀਆਂ ਹਨ। ਹੁਣ ਪੰਜਾਬ ਪੁਲਿਸ ਨੇ ਯੂਟਿਊਬਰ ਜਸਬੀਰ ਸਿੰਘ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਸਬੀਰ ਸਿੰਘ ਰੂਪਨਗਰ ਦੇ ਪਿੰਡ ਮਾਹਲਾਂ ਦਾ ਰਹਿਣ ਵਾਲਾ ਹੈ ਤੇ ਉਸ ਦੇ ਯੂਟਿਊਬ ਚੈਨਲ 'ਜਾਨ ਮਾਹਲ' 'ਤੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਉਹ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਹੈ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹ ਆਈਐਸਆਈ ਏਜੰਟ ਹਸਨ ਅਲੀ ਉਰਫ਼ ਜੱਟ ਰੰਧਾਵਾ ਦੇ ਸੰਪਰਕ ਵਿੱਚ ਸੀ। ਉਹ ਹਰਿਆਣਾ ਤੋਂ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਦੇ ਸੰਪਰਕ ਵਿੱਚ ਵੀ ਸੀ। ਮੋਹਾਲੀ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵੱਲੋਂ ਜਸਬੀਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਜਸਬੀਰ ਸਿੰਘ ਦਾਨਿਸ਼ ਦੇ ਸੱਦੇ 'ਤੇ ਦਿੱਲੀ ਵਿੱਚ ਕਰਵਾਏ ਪਾਕਿਸਤਾਨ ਰਾਸ਼ਟਰੀ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਸੀ। ਇੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਤੇ ਬਲੌਗਰਾਂ ਨਾਲ ਮਿਲਿਆ। ਉਹ 2020, 2021 ਤੇ 2024 ਵਿੱਚ ਪਾਕਿਸਤਾਨ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਸ ਦੇ ਇਲੈਕਟ੍ਰਾਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨ ਅਧਾਰਤ ਨੰਬਰ ਮਿਲੇ ਹਨ। ਉਸ ਨੇ ਆਪਣੇ ਫੋਨ ਤੋਂ ਡੇਟਾ ਵੀ ਡਿਲੀਟ ਕਰ ਦਿੱਤਾ ਹੈ। ਉਸ ਦਾ ਫੋਨ ਫੋਰੈਂਸਿਕ ਜਾਂਚ ਲਈ ਲੈਬ ਵਿੱਚ ਭੇਜਿਆ ਗਿਆ ਹੈ। ਜੋਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਪੁਲਿਸ ਨੂੰ ਜਸਬੀਰ ਸਿੰਘ 'ਤੇ ਸ਼ੱਕ ਹੋਇਆ ਸੀ।
ਦੱਸ ਦਈਏ ਕਿ ਜਸਬੀਰ ਸਿੰਘ ਨੇ ਆਪਣੇ ਯੂਟਿਊਬ ਚੈਨਲ 'ਤੇ ਪਾਕਿਸਤਾਨ ਨਾਲ ਸਬੰਧਤ ਕਈ ਵੀਡੀਓ ਅਪਲੋਡ ਕੀਤੇ ਹਨ। ਇਨ੍ਹਾਂ ਵਿੱਚ ਅਟਾਰੀ ਸਰਹੱਦ ਤੋਂ ਪਾਕਿਸਤਾਨ ਵਿੱਚ ਦਾਖਲ ਹੋਣ ਦਾ ਵੀਡੀਓ ਸ਼ਾਮਲ ਹੈ। ਕੁਝ ਵੀਡੀਓਜ਼ ਵਿੱਚ ਉਸ ਨੇ ਲਾਹੌਰ ਦੀਆਂ ਗਲੀਆਂ ਤੇ ਪਾਕਿਸਤਾਨ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਇੱਕ ਭਾਰਤੀ ਕੁੜੀ ਦੀ ਪਾਕਿਸਤਾਨ ਯਾਤਰਾ ਤੇ ਉੱਥੋਂ ਦੇ ਲੋਕਾਂ ਨਾਲ ਉਸ ਦੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ ਹੈ। ਉਸ ਨੇ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਇੱਕ ਬਲੌਗ ਬਣਾਇਆ ਹੈ। ਇੱਕ ਹੋਰ ਵੀਡੀਓ ਵਿੱਚ ਉਸ ਨੇ ਦੱਸਿਆ ਹੈ ਕਿ ਉਸ ਨੂੰ ਪਾਕਿਸਤਾਨ ਵਿੱਚ VIP ਟ੍ਰੀਟਮੈਂਟ ਮਿਲਿਆ ਹੈ ਤੇ ਪ੍ਰਸ਼ੰਸਕਾਂ ਨੇ ਉਸ ਦਾ ਸਵਾਗਤ ਕੀਤਾ ਹੈ।