ਸੰਗਰੂਰ: ਕੈਨੇਡਾ ਵਾਸੀ ਜਸਵਿੰਦਰ ਕੌਰ ਸਿੱਧੂ ਉਰਫ ਜੱਸੀ ਦਾ ਆਪਣੇ ਪਰਿਵਾਰ ਖਿਲਾਫ ਜਾ ਕੇ ਵਿਆਹ ਕਰਨ ਕਰਕੇ ਉਸ ਦੀ ਮਾਂ ਤੇ ਮਾਮੇ ਨੇ ਕਤਲ ਕਰ ਦਿੱਤਾ ਸੀ। ਕਤਲ ਤੋਂ 19 ਸਾਲ ਬਾਅਦ ਸੰਗਰੂਰ ਦੀ ਅਦਾਲਤ ਨੇ ਜੱਸੀ ਦੀ ਮਾਂ ਮਲਕੀਅਤ ਕੌਰ (70) ਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ (74) ਖਿਲਾਫ ਦੋਸ਼ ਤੈਅ ਕੀਤੇ ਹਨ। ਦੋਵੇਂ ਇਸ ਸਮੇਂ ਕਪੂਰਥਲਾ ਜੇਲ੍ਹ ‘ਚ ਬੰਦ ਹਨ।

ਜ਼ਿਲ੍ਹਾ ਤੇ ਸੈਸ਼ਨ ਕੋਰਟ ਦੀ ਜੱਜ ਸਮ੍ਰਿਤੀ ਧੀਰ ਨੇ ਮਲਕੀਅਤ ਕੌਰ ਤੇ ਸੁਰਜੀਤ ਸਿੰਘ ਬਦੇਸ਼ਾ ਖਿਲਾਫ ਧਾਰਾ 302, 307 ਤੇ 120-ਬੀ ਤਹਿਤ ਦੋਸ਼ ਆਇਦ ਕੀਤੇ ਹਨ। ਮ੍ਰਿਤਕ ਜੱਸੀ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਦੇ ਵਕੀਲ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੀ ਹਵਾਲਗੀ ਤੋਂ ਬਾਅਦ ਸੰਗਰੂਰ ਪੁਲਿਸ ਨੇ ਮਲੇਰਕੋਟਲਾ ਅਦਾਲਤ ‘ਚ ਦੋਵਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਤੋਂ ਬਾਅਦ ਕੇਸ ਨੂੰ ਸੰਗਰੂਰ ਅਦਾਲਤ ‘ਚ ਤਬਦੀਲ ਕਰਵਾ ਲਿਆ ਗਿਆ ਸੀ।

24
ਜਨਵਰੀ ਨੂੰ ਜਾਂਚ ਅਧਿਕਾਰੀ ਐਸਪੀ ਗੁਰਮੀਤ ਸਿੰਘ ਦੀ ਅਗਵਾਈ ‘ਚ ਸੰਗਰੂਰ ਪੁਲਿਸ ਦੀ ਟੀਮ ਨੇ ਨਵੀਂ ਦਿੱਲੀ ਤੋਂ ਦੋਵਾਂ ਮੁਲਜ਼ਮਾਂ ਨੂੰ ਕੈਨੇਡੀਅਨ ਪੁਲਿਸ ਤੋਂ ਆਪਣੀ ਹਿਰਾਸਤ 'ਚ ਲੈ ਲਿਆ ਸੀ। ਬਾਅਦ ‘ਚ ਦੋਵਾਂ ਮੁਲਜ਼ਮਾਂ ਨੂੰ ਸੰਗਰੂਰ ਜੇਲ੍ਹ ‘ਚ ਬੰਦ ਕੀਤਾ ਗਿਆ ਪਰ ਦੋਵਾਂ ਨੇ ਖੁਦ ਨੂੰ ਕਪੂਰਥਲਾ ਜੇਲ੍ਹ ‘ਚ ਸ਼ਿਫਟ ਕਰਨ ਦੀ ਬੇਨਤੀ ਕੀਤੀ ਸੀ।

ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਵਕੀਲ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ 23 ਗਵਾਹ ਹੋਰ ਅਦਾਲਤ ‘ਚ ਪੇਸ਼ ਕੀਤੇ ਜਾਣਗੇ ਜਿਨ੍ਹਾਂ ਨੇ ਇਸ ਕੇਸ ‘ਚ ਅਹਿਮ ਭੂਮਿਕਾ ਨਿਭਾਈ ਹੈ।

ਜੱਸੀ ਤੇ ਮਿੱਠੂ ਨੇ ਮਾਰਚ 1999 ‘ਚ ਆਪਣੇ ਪਰਿਵਾਰ ਖਿਲਾਫ ਵਿਆਹ ਕਰ ਲਿਆ ਸੀ। ਜੂਨ 2000 ‘ਚ ਉਨ੍ਹਾਂ ‘ਤੇ ਕੁਝ ਲੋਕਾਂ ਨੇ ਹਮਲਾ ਕੀਤਾ ਜਿਸ ‘ਚ ਜੱਸੀ ਦਾ ਕਤਲ ਕਰ ਉਸ ਦੀ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ ਗਿਆ ਜਦਕਿ ਮਿੱਠੂ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ। ਇਸ ਮਾਮਲੇ ‘ਚ ਧਾਰਾ 307 ਤਹਿਤ ਕਤਲ ਕਰਨ ਦਾ ਇਰਾਦਾ, ਧਾਰਾ 364 (ਅਗਵਾ ਕਰਨ) ਦਾ ਮੁਕਦਮਾ ਨੌਂ ਲੋਕਾਂ ਖਿਲਾਫ ਦਰਜ ਕੀਤਾ ਗਿਆ। ਮਲਕੀਅਤ ਕੌਰ ਜ਼ਮਾਨਤ ਦੀ ਅਪੀਲ ਕਰ ਚੁੱਕੀ ਹੈ ਜਿਸ ਨੂੰ ਅਦਾਲਤ ਨੇ 5 ਸਤੰਬਰ ਨੂੰ ਖਾਰਜ ਕਰ ਦਿੱਤਾ ਸੀ।