Sikh News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਮਗਰੋਂ ਨਵੇਂ ਜਥੇਦਾਰ ਥਾਪ ਦਿੱਤੇ ਹਨ। ਇਸ ਦੌਰਾਨ ਸਿਆਸੀ ਲੀਡਰਾਂ ਤੋਂ ਇਲਾਵਾ ਧਾਰਮਿਕ ਆਗੂਆਂ ਵੱਲੋਂ ਵੀ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤਾ ਜਾ ਰਹੀ ਹੈ ਤੇ ਇਸ ਨੂੰ ਕਾਲੇ ਦਿਨ ਦਾ ਨਾਂਅ ਦਿੱਤਾ ਜਾ ਰਿਹਾ ਹੈ।

ਇਸ ਨੂੰ ਲੈ ਕੇ ਏਬੀਪੀ ਸਾਂਝਾ ਵੱਲੋਂ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਕੋਲ ਹਟਾਉਣ ਦਾ ਅਧਿਕਾਰ ਹੈ ਤੇ ਉਹ ਆਪਣੀ ਮਨਮਰਜ਼ੀ ਕਰਦੇ ਹਨ ਤੇ ਇਸ ਨੂੰ ਲੈ ਕੇ ਪੰਥ ਤੋਂ ਕੋਈ ਰਾਇ ਨਹੀਂ ਲਈ ਜਾਂਦੀ ਹੈ।

ਇਸ ਮੌਕੇ ਦਾਦੂਵਾਲ ਨੇ ਕਿਹਾ ਕਿ ਜਦੋਂ ਜਥੇਦਾਰ ਉਨ੍ਹਾਂ ਦੀ ਹਾਂ ਵਿੱਚ ਹਾਂ ਭਰਦੇ ਹਨ ਤਾਂ ਰੱਖੇ ਜਾਂਦੇ ਹਨ ਜਦੋਂ ਉਹ ਗੱਲ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਉਨ੍ਹਾਂ ਦੇ ਪਿਤਾ ਪਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਦਾ ਸਨਮਾਨ ਵਾਪਸ ਲਿਆ ਗਿਆ ਹੈ ਜਿਸ ਕਰਕੇ ਉਹ ਅੰਦਰੋਂ-ਅੰਦਰੀ ਫੈਸਲੇ ਲੈ ਰਹੇ ਹਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਤੋਂ ਸ੍ਰੋਮਣੀ ਕਮੇਟੀ ਬਾਦਲ ਪਰਿਵਾਰ ਕੋਲ ਆਈ ਹੈ ਉਨ੍ਹਾਂ ਨੇ ਇਸ ਦੇ ਅਸੂਲ ਤੇ ਸਿਧਾਂਤ ਮਿੱਟੀ ਵਿੱਚ ਰੋਲਕੇ ਰੱਖ ਦਿੱਤੇ ਹਨ ਜਦੋਂ ਕਿ ਹੁਣ ਵੀ ਕਮੇਟੀ ਨੇ ਫੈਸਲਾ ਪ੍ਰਧਾਨ ਦੀ ਗ਼ੈਰ ਮੌਜੂਦਗੀ ਵਿੱਚ ਲਿਆ ਹੈ। 

ਇਸ ਮੌਕੇ ਉਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਨਵੇਂ ਜਥੇਦਾਰ ਟੇਕ ਸਿੰਘ ਧਨੌਲਾ ਬਾਬਤ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜਿਸ ਨੂੰ ਜਥੇਦਾਰ ਲਾਇਆ ਗਿਆ ਹੈ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਆਉਂਦਾ ਤੇ ਨਾਂ ਹੀ ਉਸ ਨੂੰ ਕਥਾ ਕਰਨੀ ਆਉਂਦੀ ਹੈ, ਪੰਥ ਲਈ ਇਸ ਤੋਂ ਕਾਲਾ ਦਿਨ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਸਿਰਫ਼ ਇਹੀ ਬਚਿਆ ਸੀ ਕਿਉਂਕਿ ਹੋਰ ਕੋਈ ਸਿੱਖ ਇਸ ਲਈ ਰਾਜ਼ੀ ਨਹੀਂ ਹੋਇਆ ਸੀ।