ਭਾਈ ਮੰਡ ਨੇ ਕਿਹਾ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਸਿੱਖ ਕੌਮ ਵੱਡੀ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀ ਹੈ। 6 ਜੂਨ ਨੂੰ ਦੋਹਾਂ ਜਥੇਦਾਰਾਂ ਦੇ ਸੰਦੇਸ਼ਾਂ ਤੇ ਸੰਬੋਧਨਾਂ 'ਚੋਂ ਪ੍ਰਗਟ ਹੋਏ, ਤੱਥਾਂ ਅਨੁਸਾਰ ਦੋਵੇਂ ਜਥੇਦਾਰਾਂ ਨੇ ਕੌਮੀ ਏਕਤਾ 'ਤੇ ਵਧੇਰੇ ਜ਼ੋਰ ਦਿੱਤਾ ਸੀ। ਇਸ ਸਬੰਧੀ ਉਨ੍ਹਾਂ ਨੇ ਦੁਨਿਆਵੀ ਵਡਿਆਈਆਂ, ਰੁਤਬੇ ਤੇ ਮਾਣ ਤਿਆਗਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫਰਾਖ਼ਦਿਲੀ ਨਾਲ ਇਕ ਪੱਤਰ ਲਿਖਿਆ ਸੀ। 


ਜਿਸ ਦਾ ਉਹਨਾਂ ਨੇ ਸਵਾਗਤ ਵੀ ਕੀਤਾ ਸੀ। ਨਵੇਂ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਪੱਤਰ ਬਾਰੇ ਯਾਦ ਕਰਵਾਇਆ। ਉਹਨਾਂ ਨੇ ਵੀ ਵਧੀਆ ਹੁੰਗਾਰਾ ਭਰਿਆ ਹੈ।



ਜੂਨ ਦੇ ਚੜ੍ਹਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਜਥੇਦਾਰਾਂ ਦੀ ਆਪਸੀ ਏਕਤਾ ਦਾ ਸੱਦਾ ਦਿੱਤਾ ਸੀ। ਇਹ ਪੱਤਰ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁਦ ਵੀ ਕਈ ਵਾਰ ਪੰਥਕ ਏਕਤਾ ਦਾ ਸੱਦਾ ਦੇ ਚੁੱਕੇ ਹਨ।



ਉਦੋਂ ਵੀ ਮੁਤਵਾਜ਼ੀ ਜਥੇਦਾਰ ਮੰਡ ਨੇ ਆਖਿਆ ਸੀ ਕਿ ਦਿਨੋ ਦਿਨ ਪੰਥ ਦੀ ਹਾਲਤ ਨਿਘਰਦੀ ਜਾ ਰਹੀ ਹੈ। ਇਸ ਵੇਲੇ ਹਰ ਮੰਚ ਤੋਂ ਪੰਥਕ ਏਕਤਾ ਦਾ ਹੋਕਾ ਦਿੱਤਾ ਜਾ ਰਿਹਾ ਹੈ ਪਰ ਸਿੱਖ ਬੁੱਧੀਜੀਵੀ ਵਰਗ ਤੇ ਸਿੱਖ ਚਿੰਤਕ ਇਹ ਸਵਾਲ ਖੜ੍ਹਾ ਕਰ ਰਹੇ ਹਨ ਕਿ ਪਹਿਲਾਂ ਜਥੇਦਾਰਾਂ ਵਿਚਾਲੇ ਖ਼ੁਦ ਏਕਤਾ ਹੋਣੀ ਚਾਹੀਦੀ ਹੈ ਤਾਂ ਹੀ ਕੌਮ ਵਿੱਚ ਵੀ ਏਕਤਾ ਦਾ ਮੁੱਢ ਬੱਝ ਸਕਦਾ ਹੈ।


ਉਨ੍ਹਾਂ ਕਿਹਾ ਸੀ ਕਿ ਸਿੱਖ ਕੌਮ ਲੰਮੇ ਸਮੇਂ ਤੋਂ ਖੁਆਰ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਆਈ ਗਿਰਾਵਟ ਦਾ ਪ੍ਰਭਾਵ ਸ਼੍ਰੋਮਣੀ ਕਮੇਟੀ ਸਮੇਤ ਹੋਰ ਪੰਥਕ ਸੰਸਥਾਵਾਂ ’ਤੇ ਦੇਖਿਆ ਜਾ ਸਕਦਾ ਹੈ। ਇਸੇ ਤਹਿਤ ਹੀ ਉਨ੍ਹਾਂ ਆਪਸ ਵਿੱਚ ਮਿਲ ਬੈਠਣ ਦਾ ਸੱਦਾ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੌਮ ਲਈ ਇੱਕ ਕੌਮੀ ਏਜੰਡਾ ਤਿਆਰ ਕਰਨ ਦੀ ਲੋੜ ਹੈ।


ਇਸ ਤੋਂ ਪਹਿਲਾਂ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਖਾਸ ਸੰਦੇਸ਼ ਜਾਰੀ ਕਰਦਿਆਂ ਆਖਿਆ ਸੀ ਕਿ ਸਾਕਾ ਨੀਲਾ ਤਾਰਾ ਤੇ ਹੋਰ ਹਮਲਿਆਂ ਦਾ ਨਿਆਂ ਹੁਕਮਰਾਨਾਂ ਕੋਲੋਂ ਮੰਗਣ ਦੀ ਲੋੜ ਨਹੀਂ, ਸਗੋਂ ਸ੍ਰੀ ਅਕਾਲ ਤਖ਼ਤ ਦੀ ਅਗਵਾਈ ਹੇਠ ਸਮੁੱਚੀ ਸਿੱਖ ਸ਼ਕਤੀ ਇਕਜੁੱਟ ਹੋਵੇ, ਜਿਸ ਅੱਗੇ ਸਰਕਾਰਾਂ ਖੁਦ ਝੁਕਣ ਵਾਸਤੇ ਮਜਬੂਰ ਹੋਣਗੀਆਂ।