Vinesh Phogat: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਬੀਤੇ ਦਿਨ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਕਿਉਂਕਿ ਉਸ ਦਾ ਭਾਰ 100 ਗ੍ਰਾਮ ਵੱਧ ਗਿਆ ਸੀ। 50 ਕਿਲੋਗ੍ਰਾਮ ਭਾਰ ਵਰਗ ਦੇ ਫਾਇਨਲ ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਦਾ ਭਾਰ 100 ਗ੍ਰਾਮ ਜ਼ਿਆਦਾ ਆ ਗਿਆ ਸੀ ਜਿਸ ਕਰਕੇ ਵਿਨੇਸ਼ ਨੂੰ ਓਲੰਪਿਕ ਤੋਂ ਹੀ ਅਯੋਗ ਕਰਾਰ ਦਿੱਤਾ ਗਿਆ। ਇਸ ਤੋਂ ਬਾਅਦ ਇਸ ਫੈਸਲੇ ਨੂੰ ਲੈ ਕੇ ਚਰਚਾਵਾਂ ਦਾ ਦੌਰ ਗਰਮ ਹੈ। 


ਇਸ ਮੁੱਦੇ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਵਿਨੇਸ਼ ਫੋਗਾਟ ਉਹ ਧੀ ਹੈ ਜੋ ਲੜਕੀਆਂ ਦੇ ਸੋਸ਼ਣ ਵਿਰੁੱਧ ਸੱਤਾਧਾਰੀਆਂ ਦੇ ਖਿਲਾਫ ਡਟ ਕੇ ਲੜੀ ਤੇ ਇਸ ਕਾਰਣ ਸ਼ਾਇਦ ਜਰਵਾਣਿਆਂ ਦੀ ਸ਼ਹਿ ਤੇ ਆਪਣਿਆਂ ਦੀ ਬੇਰੁਖੀ ਦੇ ਕਾਰਨ ਖੇਡ ਦੇ ਮੈਦਾਨ ਵਿਚੋਂ ਭਾਵੇਂ ਅਯੋਗ ਹੋ ਗਈ ਹੋਵੇ ਪਰ ਉਹ ਜੇਤੂ ਸੀ, ਜੇਤੂ ਹੈ ਤੇ ਜੇਤੂ ਰਹੇਗੀ।






ਜ਼ਿਕਰ ਕਰ ਦਈਏ ਕਿ  ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੁਪਨਾ ਅਤੇ ਉਨ੍ਹਾਂ ਦਾ ਹੌਂਸਲਾ ਟੁੱਟ ਗਿਆ ਹੈ। ਉਨ੍ਹਾਂ ਕੋਲ ਹੁਣ ਬਹੁਤੀ ਤਾਕਤ ਨਹੀਂ ਬਚੀ ਹੈ। ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਕਾਫੀ ਪਰੇਸ਼ਾਨ ਸੀ। 50 ਕਿਲੋਗ੍ਰਾਮ ਭਾਰ ਵਰਗ ਦੇ ਫਾਇਨਲ ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਦਾ ਭਾਰ 100 ਗ੍ਰਾਮ ਜ਼ਿਆਦਾ ਆ ਗਿਆ ਸੀ। ਸੰਨਿਆਸ ਸਬੰਧੀ ਵਿਨੇਸ਼ ਫੋਗਾਟ ਨੇ ਐਕਸ 'ਤੇ ਲਿਖਿਆ, "ਮਾਂ, ਕੁਸ਼ਤੀ ਮੇਰੇ ਸਾਹਮਣੇ ਜਿੱਤ ਗਈ, ਮੈਂ ਹਾਰ ਗਈ, ਮਾਫ ਕਰਿਓ ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਕੁੱਝ ਟੁੱਟ ਗਿਆ। ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਮੈਂ ਤੁਹਾਡੀ ਸਾਰਿਆਂ ਦੀ ਹਮੇਸ਼ਾ ਰਿਣੀ ਰਹਾਂਗੀ, ਮੁਆਫ ਕਰਨਾ।"