ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਅੰਮ੍ਰਿਤਸਰ ਪੂਰਬੀ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਗੁਰਬਾਣੀ ਦੀਆਂ ਤੁੱਕਾਂ ਨੂੰ ਸਿਆਸੀ ਮਨੋਰਥ ਵਾਸਤੇ ਵਰਤਣ ਦੀ ਕਾਂਗਰਸ ਪਾਰਟੀ ਦੀ ਕੋਝੀ ਹਰਕਤ ਦੇ ਮਾਮਲੇ ਵਿਚ ਇਸਦੇ ਖਿਲਾਫ ਕਾਰਵਾਈ ਕੀਤੀ ਜਾਵੇ।
ਅੱਜ ਇਥੇ ਵੱਲਾ ਵਿਚ ਇਕ ਪ੍ਰਭਾਵਸ਼ਾਲੀ ਮੀਟਿੰਗ ਨੁੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੁੰ ਕਾਂਗਰਸ ਵੱਲੋਂ ਆਪਣੇ ਇਸ਼ਤਿਹਾਰਾਂ ਵਿਚ ਵਰਤਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੁੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿਆਸੀ ਮੰਤਵਾਂ ਵਾਸਤੇ ਗੁਰਬਾਣੀ ਦੀ ਦੁਰਵਰਤੋਂ ਕਰਨੀ ਬੇਹੱਦ ਨਿੰਦਣਯੋਗ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਜੋੜੇ ਨੇ 18 ਸਾਲਾਂ ਵਿਚ ਅੰਮ੍ਰਿਤਸਰ ਪੂਰਬੀ ਲਈ ਕੀ ਕੀਤਾ ਹੈ, ਇਸਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਸਬਜ਼ੀ ਮੰਡੀ ਦਾ ਬੁਰਾ ਹਾਲ ਹੈ। ਨੇੜਲੇ ਵੱਲਾ ਪੁੱਲ ਵਾਸਤੇ 18 ਸਾਲਾਂ ਤੋਂ ਕੋਈ ਕੰਮ ਨਹੀਂ ਕੀਤਾ ਗਿਆ । ਸਾਰੇ ਹਲਕੇ ਵਿਚ ਵਿਕਾਸ ਕਾਰਜ ਮੁਕੰਮਲ ਠੱਪ ਹਨ ਤੇ ਭਲਾਈ ਸਕੀਮਾਂ ਵੀ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਨਾ ਬਜ਼ੁਰਗਾਂ ਨੁੰ ਬੁਢਾਪਾਂ ਪੈਨਸ਼ਨਾਂਮਿਲੀਆਂ ਹਨ ਤੇ ਨਾ ਹੀ ਐਸ ਸੀ ਲੜੀਆਂ ਦੇ ਵਿਆਹਾਂ ਲਈ ਸ਼ਗਨ ਸਕੀਮਾਂ ਦੇ ਪੈਸੇ ਮਿਲੇ ਹਨ।
ਇਸ ਦੌਰਾਨ ਪ੍ਰਚਾਰ ਮੁਹਿੰਮ ਦੇ ਹਿੱਸੇ ਵਜੋਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਕਬੂਲਪੁਰਾ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ ਤੇ ਆਪਣੇ ਲਈ ਵੋਟਾਂ ਮੰਗੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸਰਦਾਰ ਮਜੀਠੀਆ ਦੇ ਨਾਲ ਹੋਰ ਤੁਰੇ ਤੇ ਲੋਕਾਂ ਨੂੰ ਅਕਾਲੀ ਦਲ ਤੇ ਬਸਪਾ ਗਠਜੋੜ ਨੁੰ ਵੋਟਾਂ ਪਾਉਣ ਦੀ ਅਪੀਲ ਕੀਤੀ। ਲੋਕਾਂ ਨੇ ਥਾਂ ਥਾਂ ਸਰਦਾਰ ਮਜੀਠੀਆ ਦਾ ਸਿਰੋਪਾਓ ਤੇ ਹਾਰ ਪਾ ਕੇ ਸਨਮਾਨ ਵੀ ਕੀਤਾ।
ਇਸ ਮੌਕੇ ਕਾਂਗਰਸ ਤੇ ਭਾਜਪਾ ਦੇ ਵਰਕਰ ਅਕਾਲੀ ਦਲ ਵਿਚ ਸ਼ਾਮਲ ਹੋਏ ਜਿਹਨਾਂ ਵਿਚ ਕੁਲਦੀਪ ਸਿੰਘ, ਸੁਰਿੰਦਰ, ਕੋਸ਼ਲ ਮਿੰਟੂ, ਜੋਬਨਦੀਪ ਸਿੰਘ ਤੇ ਹੋਰ ਆਗੂ ਸ਼ਾਮਲ ਸਨ। ਭਾਜਪਾ ਤੋਂ ਅਕਾਲੀ ਦਲ ਵਿਚ ਸ਼ਾਮਲ ਹੋਏ ਡਾ ਇੰਦਰਜੀਤ ਕੌਰ ਨੁੰ ਇਸਤਰੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ।