Muktsar Sahib News : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਸਤਨਾਮ ਸਿੰਘ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦਰਵੇਸ਼ ਬੱਸ ਸਰਵਿਸ ਕੰਪਨੀ ਦੇ ਮਾਲਕ ਗੁਰਭੇਜ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ ਆਦੇਸ਼ ਹਸਪਤਾਲ ਨੇੜੇ ਉਸ ਦੀ ਕੰਪਨੀ ਦੀ ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਦੋ ਖੰਭਿਆਂ ਨੂੰ ਨੁਕਸਾਨ ਪੁੱਜਾ। 
 

ਸ਼ਿਕਾਇਤਕਰਤਾ ਵੱਲੋਂ ਪੀ.ਐਸ.ਪੀ.ਸੀ.ਐਲ ਦੇ ਇੱਕ ਪ੍ਰਾਈਵੇਟ ਠੇਕੇਦਾਰ ਦੀ ਮਦਦ ਨਾਲ ਬਿਜਲੀ ਦੇ ਨਵੇਂ ਖੰਭੇ ਲਗਾਏ ਜਾਣ ਦੇ ਬਾਵਜੂਦ ਉਕਤ ਜੇ.ਈ. ਨੇ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਅਤੇ ਸ਼ਿਕਾਇਤਕਰਤਾ ਖਿਲਾਫ਼ ਕੋਈ ਕਾਰਵਾਈ ਨਾ ਕਰਨ ਬਦਲੇ 8000 ਰੁਪਏ ਰਿਸ਼ਵਤ ਮੰਗੀ ਅਤੇ ਸੌਦਾ 5000 ਰੁਪਏ ਵਿੱਚ ਤੈਅ ਹੋਇਆ।

 

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਜੇ.ਈ. ਸਤਨਾਮ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਤਨਾਮ ਸਿੰਘ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 


ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਨੇ ਵਿਭਾਗ ਪਾਸ ਸਿ਼ਕਾਇਤ ਦਰਜ ਕਰਵਾਈ ਸੀ ਕਿ ਕਿਸੇ ਕੇਸ ਨੂੰ ਰਫਾ ਦਫਾ ਕਰਨ ਲਈ ਪਾਵਰਕਾਮ ਦੇ ਮੁਲਜਮ  ਜੇਈ ਸਤਨਾਮ ਸਿੰਘ ਵੱਲੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।ਇਸ ਮੁਲਜ਼ਮ ਨੂੰ ਵਿਜੀਲੈਂਸ ਦੀ ਸਮੁੱਚੀ ਟੀਮ ਇੰਸਪੈਕਟਰ ਅਮਨਦੀਪ ਸਿੰਘ, ਇੰਸਪੈਕਟਰ ਰੁਪਿੰਦਰਪਾਲ ਕੌਰ, ਸਬ ਇੰਸਪੈਕਟਰ ਸੁਖਮੰਦਰ ਸਿੰਘ ਏ.ਐਸ.ਆਈ ਨਰਿੰਦਰਪਾਲ ਕੌਰ, ਏ.ਐਸ.ਆਈ. ਮੁਖਤਿਆਰ ਸਿੰਘ  ਮੁੱਖ ਮੁਨਸੀ ਗੁਰਤੇਜ਼ ਸਿੰਘ, ਰੀਡਰ ਜਗਦੀਪ ਸਿੰਘ, ਐਚ.ਸੀ. ਕਰਨੈਲ ਸਿੰਘ, ਐਚ.ਸੀ. ਗੁਰਕੀਰਤ ਸਿੰਘ ਸਿਪਾਹੀ ਰਣਜੀਤ ਸਿੰਘ, ਸੁਖਚੈਨ ਸਿੰਘ ਸਮੇਤ ਸਰਕਾਰੀ ਗਵਾਹ ਦੀ ਹਜ਼ਾਰ ਵਿੱਚ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕਰ ਲਿਆ ਹੈ।


 ਦੋਸ਼ੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਰੇਂਜ਼ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।