Punjab News: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਨਿਸ਼ਾਨੇ ਮਿੱਥਕੇ ਮੁਕਾਬਲਿਆਂ ਦੀ ਤਿਆਰੀ ਕਰਨ ਕਿਉਂਕਿ ਪੰਜਾਬ ਵਿੱਚ ਮੌਕਿਆਂ ਦੀ ਕੋਈ ਕਮੀ ਨਹੀਂ ਹੈ। ਸਿਹਤ ਮੰਤਰੀ ਅੱਜ ਪਬਲਿਕ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਤਰੱਕੀ ਦੇ ਅਣਗਿਣਤ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਬੱਸ ਲੋੜ ਹੈ ਕਿ ਸਾਡੇ ਨੌਜਵਾਨ ਆਪਣੇ ਟੀਚੇ ਮਿੱਥ ਕੇ ਅੱਗੇ ਵਧਣ।
ਸਿਹਤ ਮੰਤਰੀ ਨੇ ਕਿਹਾ ਕਿ ਨੌਜਵਾਨ ਸਾਡੀ ਰੀੜ ਦੀ ਹੱਡੀ ਹਨ ਜਿਸ ਲਈ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਿਆਂ ਦਾ ਖਾਤਮਾ ਕਰਕੇ ਰੰਗਲਾ ਪੰਜਾਬ ਸਿਰਜਣ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਨੌਜਵਾਨਾਂ ਲਈ ਅਜਿਹੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਕਿ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਕੋਈ ਲੋੜ ਨਾ ਰਹੇ।
ਜੌੜਾਮਾਜਰਾ ਨੇ ਪ੍ਰਿੰਸੀਪਲ ਜਤਿੰਦਰ ਦੇਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਵਿਸ਼ੇਸ਼ ਯਤਨਾਂ ਸਦਕਾ ਪੰਜਾਬੀ ਯੂਨੀਵਰਸਿਟੀ ਦਾ ਇਹ ਖੇਤਰੀ ਮੇਲਾ ਪਬਲਿਕ ਕਾਲਜ ਵਿਖੇ 15 ਸਾਲਾਂ ਬਾਅਦ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਅਹਿਮ ਸਾਬਤ ਹੁੰਦੇ ਹਨ, ਇਸ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਹੋਰ ਉਸਾਰੀ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ।
ਕਾਲਜ ਦੇ ਪ੍ਰਿੰਸੀਪਲ ਜਤਿੰਦਰ ਦੇਵ ਨੇ ਕਾਲਜ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਖੇਤਰ ਦੇ ਕਾਲਜਾਂ ਦੇ ਵਿਦਿਆਰਥੀਆਂ ਦੇ ਭੰਗੜਾ, ਸਮੂਹ ਸ਼ਬਦ ਤੇ ਭਜਨ ਗਾਇਨ, ਸ਼ਾਸਤਰੀ ਸੰਗੀਤ, ਸੁਗਮ ਸੰਗੀਤ, ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਕੁਇਜ਼ ਮੁਕਾਬਲੇ, ਕਰੋਸੀਏ ਦੀ ਬੁਣਤੀ, ਨਾਲਾ ਬੁਣਨਾ, ਕਢਾਈ, ਪਰਾਂਦੇ, ਪੱਖੀ ਤੇ ਗੁੱਡੀਆਂ ਪਟੋਲੇ ਬਣਾਉਣਾ, ਰੱਸਾ ਵੱਟਣਾ, ਖਿੱਦੋ, ਇੰਨੂ, ਟੋਕਰੀ, ਛਿੱਕੂ, ਪੀੜ੍ਹੀ ਤੇ ਮਿੱਟੀ ਦੇ ਖਿਡੌਣੇ ਬਣਾਉਣ ਦੇ ਮੁਕਾਬਲੇ ਕਰਵਾਏ ਗਏ।