Sidhu Moose Wala: ਸਿੱਧੂ ਮੂਸੇ ਵਾਲੇ ਦੇ ਕਤਲ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਸਿੱਧੂ ਦੇ ਪ੍ਰਸ਼ੰਸਕ ਹਰ ਐਤਵਾਰ ਨੂੰ ਵੱਡੀ ਗਿਣਤੀ 'ਚ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਤੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇ ਤੇ ਉਹ ਮੂਸੇਵਾਲਾ ਦੇ ਕਾਤਲਾਂ ਨੂੰ ਬਚਾਉਣ ਵਿੱਚ ਲੱਗੀ ਹੈ। ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਪੁੱਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਛੱਡੀ
ਸਿੱਧੂ ਮੂਸੇਵਾਲਾ ਦੇ ਚੋਰਨੀ ਗੀਤ ਕੁਝ ਸਮੇਂ ਵਿਚ ਮਿਲੀਅਨ ਵਿਊਜ਼ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਤੀ ਲੋਕਾਂ ਦਾ ਪਿਆਰ ਕਿੰਨਾ ਹੈ ਇਸ ਗੀਤ ਦੇ ਜ਼ਰੀਏ ਵੀ ਲੋਕਾਂ ਨੇ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗੀਤ ਰਿਲੀਜ਼ ਹੋਇਆ ਤਾਂ ਬਹੁਤ ਸਾਰਿਆਂ ਦਾ ਢਿੱਡ ਵੀ ਬਹੁਤ ਦੁਖਿਆ ਪਰ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਉਸਨੂੰ ਬਹੁਤ ਜ਼ਿਆਦਾ ਚਾਹੁੰਦੇ ਹਨ।
ਇਸ ਮੌਕੇ ਉਨ੍ਹਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਸਰਕਾਰ ਦੀ ਲੋਕਪ੍ਰਿਅਤਾ ਇੰਨੀ ਜ਼ਿਆਦਾ ਹੈ ਤਾਂ ਸਰਕਾਰ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾਉਂਦੀ, ਇਸ ਦੇ ਉਲਟ ਸਰਕਾਰ ਹਰ ਵਾਰ ਇਹੀ ਕਹਿ ਰਹੀ ਹੈ ਕਿ ਸਿੱਧੂ ਦਾ ਪਿਤਾ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਾਣਦੀ ਹੈ ਕਿ ਪਿਛਲੇ ਡੇਢ ਸਾਲ ਵਿੱਚ ਪੰਜਾਬ ਵਿੱਚ ਵੱਡੇ ਗੈਂਗਸਟਰਾਂ ਦਾ ਰਾਜ ਹੈ, ਕਤਲ ਅਤੇ ਫਿਰੌਤੀ ਵਰਗੀਆਂ ਘਟਨਾਵਾਂ ਆਮ ਹਨ।
ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਨਿਡਰ ਸੀ ਜੋ ਕਦੇ ਵੀ ਸਮੇਂ ਦੇ ਮੁਤਾਬਕ ਨਹੀਂ ਚਲਦਾ। ਉਨ੍ਹਾਂ ਕਿਹਾ ਕਿ ਜੋ ਲੋਕ ਸਿੱਧੂ ਨੂੰ ਅੱਜ ਟੀਵੀ ਜਾਂ ਸੋਸ਼ਲ ਮੀਡੀਆ ਉੱਤੇ ਗ਼ਲਤ ਬੋਲ ਰਹੇ ਹਨ ਉਹ ਆਪਣਾ ਗਿਆਨ ਆਪਣੇ ਪੁੱਤਾਂ ਨੂੰ ਦੇਣ, ਉਹ ਕੌਣ ਹੁੰਦੇ ਹਨ ਉਨ੍ਹਾਂ ਦੇ ਬੇਟੇ ਬਾਰੇ ਬੋਲਣ ਵਾਲੇ। ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੁਝ ਪੱਤਰਕਾਰਾਂ ਦੇ ਕਾਰਨ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਸਿੱਧੂ ਦੇ ਖ਼ਿਲਾਫ਼ ਗ਼ਲਤ ਦਿਖਾਇਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਕਤਲ ਕਰਨ ਲਈ ਵੱਡੀ ਸਾਜ਼ਿਸ਼ ਰਚੀ ਗਈ ਤੇ ਇਸ ਦੇ ਪਿੱਛੇ ਜੋ ਸਾਜ਼ਿਸ਼ਘਾੜੇ ਸੀ ਜੋ ਅਜੇ ਤੱਕ ਗ੍ਰਿਫ਼ਤਾਰ ਨਹੀਂ ਹੋਏ ਹਨ। ਜਦੋਂ ਤੱਕ ਉਹ ਗ੍ਰਿਫ਼ਤਾਰ ਨਹੀਂ ਹੁੰਦੇ ਉਨ੍ਹਾਂ ਸਮਾਂ ਉਹ ਇਨਸਾਫ਼ ਲਈ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਬੇਸ਼ਕ ਸ਼ੁੱਭਦੀਪ ਨੂੰ ਗੋਲ਼ੀ ਮਾਰਨ ਵਾਲੇ ਜੇਲ੍ਹ ਵਿੱਚ ਹਨ ਪਰ ਅਜੇ ਤੱਕ ਸਾਜ਼ਿਸ਼ਘਾੜੇ ਗ੍ਰਿਫ਼ਤਾਰ ਨਹੀਂ ਹੋਏ ਹਨ।
ਇਸ ਮੌਕੇ ਚਰਨ ਕੌਰ ਨੇ ਅੰਕਿਤ ਸੇਰਸਾ ਬਾਰੇ ਕਿਹਾ ਕਿ ਅੰਕਿਤ ਸੇਰਸਾ ਜੋ ਸੋਸ਼ਲ ਮੀਡੀਆ ਉੱਤੇ ਬੋਲ ਰਿਹਾ ਹੈ ਕਿ ਉਸ ਨੇ ਮੂਸੇਵਾਲਾ ਦਾ ਕਤਲ ਕੀਤਾ ਹੈ ,ਉਸ ਵੇਲੇ ਪਿਸਤੌਲ ਵੀ ਸਾਂਭ ਨਹੀਂ ਸਕਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਨੇ ਬਹਾਦਰੀ ਨਾਲ ਬੁਜਦਿਲਾਂ ਦਾ ਸਾਹਮਣਾ ਕੀਤਾ ਹੈ। ਜੇ ਉਹ ਬਹਾਦਰ ਸੀ ਤਾਂ ਉਨ੍ਹਾਂ ਦੇ ਬੇਟੇ ਨੂੰ ਟਾਇਮ ਦੇ ਕੇ ਆਉਂਦੇ ਤਾਂ ਨਤੀਜਾ ਕੁਝ ਹੋਰ ਹੀ ਹੋਣਾ ਸੀ। ਇਸ ਮੌਕੇ ਉਨ੍ਹਾਂ ਨੇ ਹਵੇਲੀ ਪਹੁੰਚੇ ਮੂਸੇਵਾਲਾ ਦੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ।