Mega Investment Plans Stuck In Red Tape - ਪੰਜਾਬ ਵਿੱਚ 10 ਹਜ਼ਾਰ ਕਰੋੜ ਦਾ ਨਿਵੇਸ਼ ਰੁੱਕ ਗਿਆ ਹੈ। ਇਸ ਨਿਵੇਸ਼ ਦੇ ਨਾਲ ਦੋ ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀ, ਪਰ ਇਹ ਹਾਲੇ ਤੱਕ ਨਹੀਂ ਹੋ ਸਕਿਆ। ਪੰਜਾਬ ਦੀ ਮਾਨ ਸਰਕਾਰ ਨੇ ਇਸ 10 ਹਜ਼ਾਰ ਕਰੋੜ ਦੇ ਨਿਵੇਸ਼ ਨੂੰ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ। ਬੱਸ ਇੱਕ ਹਰਾ ਪੈਨ ਚੱਲਣ ਦਾ ਇੰਤਜ਼ਾਰ ਹੈ ਤੇ 10 ਹਜ਼ਾਰ ਕਰੋੜ ਦਾ ਪੰਜਾਬ ਵਿੱਚ ਵੱਡਾ ਸੀਮਿੰਟ ਪਲਾਂਟ ਲੱਗ ਜਾਵੇਗਾ। ਇਹ ਦਾਅਵਾ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਕੀਤਾ ਹੈ।
ਦਰਅਸਲ ਮਾਮਲਾ ਇਹ ਹੈ ਕਿ ਵੇਦਾਤਾਂ ਗੁਰੱਪ ਪੰਜਾਬ ਵਿੱਚ ਵੰਡਾ ਸੀਮਿੰਟ ਦਾ ਪਲਾਂਟ ਲਗਾਉਣ ਲਈ ਤਿਆਰ ਹੈ। ਜਿਸ ਨਾਲ ਸੂਬੇ ਵਿੱਚ 10 ਹਜ਼ਾਰ ਕਰੋੜ ਦਾ ਨਿਵੇਸ਼ ਹੋਵੇਗਾ ਅਤੇ 2 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। 'ਦ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਸੀਮਿੰਟ ਪਲਾਂਟ ਸਥਾਪਤ ਕਰਨ ਵਿੱਚ JSW ਗਰੁੱਪ ਅਤੇ ਵੇਦਾਂਤਾ ਦੇ ਵੱਡੇ ਨਿਵੇਸ਼ ਰਾਜ ਸਰਕਾਰ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ।
ਇਸ ਦੌਰਾਨ ਮਜੀਠੀਆ ਨੇ ਸਰਕਾਰ 'ਤੇ ਤੰਜ ਕੱਸਦੇ ਹੋਏ ਲਿਖਿਆ ਕਿ - ਪੰਜਾਬ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਅਤੇ 2 ਹਜ਼ਾਰੀ ਨੌਕਰੀਆਂ ਤੋਂ ਵਾਂਝਾ, ਭਗਵੰਤ ਮਾਨ ਸਰਕਾਰ ਪੰਜਾਬ ਵਿਚ ਨਿਵੇਸ਼ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿੱਢੇ ਵੱਡੇ ਪ੍ਰਾਜੈਕਟਾਂ ਵਾਸਤੇ ਕਲੀਅਰੰਸ ਨਹੀਂ ਦੇ ਰਹੀ। ਵੇਦਾਂਤਾ ਗਰੁੱਪ ਨੇ ਬਾਦਲ ਸਾਹਿਬ ਦੀ ਸਰਕਾਰ ਵੇਲੇ ਥਰਮਲ ਪਲਾਂਟ ਲਗਾਉਣ ਵੇਲੇ ਐਲਾਨ ਕੀਤਾ ਸੀ ਕਿ ਉਹ ਪਲਾਂਟ ਦੇ ਨਾਲ ਹੋਰ ਵੀ ਸਹਾਇਕ ਪ੍ਰਾਜੈਕਟ ਲਗਾਏਗੀ ਤੇ ਇਹ ਉਸੇ ਦਾ ਨਤੀਜਾ ਹਨ।
ਵੇਦਾਤਾਂ ਗਰੁੱਪ ਦੀ ਕੰਪਨੀ ਤਲਵੰਡੀ ਸਾਬੋ ਪਾਵਰ ਪਲਾਂਟ ਚਲਾ ਰਿਹਾ ਹੈ। ਪਲਾਂਟ ਵਿਚੋਂ ਜਿਹੜੀ ਐਸ਼ ਨਿਕਲਦੀ ਹੈ ਉਸ ਦੀ ਵਰਤੋਂ ਸੀਮਿੰਟ ਬਣਾਉਣ ਲਈ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਵੇਦਾਤਾਂ ਨੇ ਇਹ ਪ੍ਰੋਜੈਕਟ ਲਗਾਉਣ ਲਈ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ ਪਰ ਕਾਫ਼ੀ ਸਮਾਂ ਬੀਤ ਗਿਆ ਹੈ। 18 ਮਹੀਨਿਆਂ ਤੋਂ ਪੰਜਾਬ ਸਰਕਾਰ ਦੇ ਚੀਫ਼ ਟਾਊਨ ਪਲਾਨਰ ਅਤੇ ਡਾਇਰੈਕਟਰ ਆਫ਼ ਫੈਕਟਰੀਜ਼ ਦੇ ਦਫ਼ਤਰ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ।