Shri Chamkaur Sahib : ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਭਲਿਆਣ ਵਿਖੇ ਇੱਕ ਪਿਤਾ ਨੇ ਹੀ ਆਪਣੀ ਇੱਕ ਸਾਲ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਬੱਚੀ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਿਆ ,ਜਿੱਥੇ ਡਾਕਟਰ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਵੱਲੋਂ ਪੁੱਛਣ 'ਤੇ ਵੀ ਬੱਚੀ ਦੇ ਪਿਤਾ ਨੇ ਬੱਚੀ ਦੇ ਸਰੀਰ 'ਤੇ ਲੱਗੀਆਂ ਸੱਟਾਂ ਦਾ ਕੋਈ ਸਹੀ ਜਵਾਬ ਨਹੀਂ ਦਿੱਤਾ। ਬੱਚੀ ਦਾ ਪਿਤਾ ਸਿਕੰਦਰ ਸਿੰਘ ਇਸ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਹੈ। 


ਮਿਲੀ ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ 8 ਵਜੇ ਦੀ ਹੈ ਜਦ ਉਸ ਨੇ ਆਪਣੀ ਧੀ ਦਾ ਗਲਾ ਘੁੱਟ ਕੇ ਉਸਦੀ ਜਾਨ ਲੈ ਲਈ। ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਸਿਕੰਦਰ ਸਿੰਘ ਪੁੱਤਰ ਸੁੱਚਾ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਿਕੰਦਰ ਸਿੰਘ ਦੇ ਤਿੰਨ ਲੜਕੀਆਂ ਸਨ ਤੇ ਉਹ ਅਕਸਰ ਹੀ ਇਸੇ ਕਾਰਨ ਆਪਣੀ ਇਸ ਬੱਚੀ ਨੂੰ ਮਾਰਦਾ ਕੁੱਟਦਾ ਰਹਿੰਦਾ ਸੀ ਤੇ ਅੱਜ ਵੀ ਇਸਨੇ ਆਪਣੀ ਬੱਚੀ ਨਾਲ ਕੁੱਟ ਮਾਰ ਕਰਕੇ ਉਸਨੂੰ ਬਿਸਤਰ 'ਤੇ ਲਿਟਾ ਦਿੱਤਾ ਤੇ ਬੱਚੀ ਦੀ ਮਾਂ ਸੀਮਾ ਨੂੰ ਕਿਹਾ ਕਿ ਉਹ ਸੋ ਰਹੀ ਹੈ। ਪਰ ਜਦੋਂ ਦੋ ਘੰਟੇ ਬਾਅਦ ਸੀਮਾ ਨੇ ਦੇਖਿਆ ਕਿ ਉਸ ਦੇ ਸਰੀਰ ਵਿਚ ਕੋਈ ਹਿਲਜੁਲ ਨਾ ਹੋਈ ਤਾਂ ਉਸ ਨੇ ਦੇਖਿਆ ਕਿ ਬੇਟੀ ਨੂੰ ਸਾਹ ਨਹੀਂ ਆ ਰਿਹਾ ਸੀ। ਇਹ ਦੇਖ ਕੇ ਉਸ ਨੇ ਰੌਲਾ ਪਾਇਆ ਅਤੇ ਸਿਕੰਦਰ ਹੀ ਉਸ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।

 

ਸਿਵਲ ਹਸਪਤਾਲ ਵਿੱਚ ਤਾਇਨਾਤ ਐਮਰਜੈਂਸੀ ਡਾਕਟਰ ਨੇ ਦੱਸਿਆ ਕਿ ਲੜਕੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰ ਚੁੱਕੀ ਸੀ। ਉਸ ਦੇ ਚਿਹਰੇ ‘ਤੇ ਸੱਟ ਦੇ ਨਿਸ਼ਾਨ ਸਨ। ਲੜਕੀ ਦਾ ਨਾਂ ਏਕਮ ਹੈ। ਜਦੋਂ ਉਸ ਦੇ ਪਿਤਾ ਉਸ ਨੂੰ ਹਸਪਤਾਲ ਲੈ ਕੇ ਆਏ ਤਾਂ ਅਸੀਂ ਘਟਨਾ ਬਾਰੇ ਪੁੱਛਿਆ ਪਰ ਉਹ ਸਪੱਸ਼ਟ ਤੌਰ ‘ਤੇ ਕੁਝ ਨਹੀਂ ਦੱਸ ਰਿਹਾ ਸੀ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।