Kangana Ranaut Slapped Case: ਚੰਡੀਗੜ੍ਹ ਏਅਰਪੋਰਟ 'ਤੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਦੀ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਕੁਲਵਿੰਦਰ ਕੌਰ ਦੇ ਤਬਾਦਲੇ ਦੀਆਂ ਖ਼ਬਰਾਂ 'ਤੇ ਉਨ੍ਹਾਂ ਦੇ ਭਰਾ ਸ਼ੇਰ ਸਿੰਘ ਮਹੀਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। 


ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਦੀ ਭੈਣ ਕੁਲਵਿੰਦਰ ਕੌਰ ਦੇ ਪਤੀ ਦੀ ਬਦਲੀ ਬੈਂਗਲੁਰੂ ਹੋ ਗਈ ਹੈ। ਉਹ ਵੀ ਸੀ.ਆਈ.ਐਸ.ਐਫ. ਵਿੱਚ ਹਨ। ਪਹਿਲਾਂ ਉਨ੍ਹਾਂ ਦੇ ਬੱਚੇ ਮੇਰੇ ਕੋਲ ਰਹਿੰਦੇ ਸਨ, ਹੁਣ ਉਹ ਵੀ ਕੁਲਵਿੰਦਰ ਕੌਰ ਕੋਲ ਹਨ। ਉੱਥੇ ਹੀ ਉਨ੍ਹਾਂ ਨੂੰ ਸਕੂਲ ਵਿਚ ਦਾਖਲਾ ਮਿਲ ਗਿਆ ਹੈ।


ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਗਲੁਰੂ ਵਿੱਚ ਇੱਕ ਕੁਆਰਟਰ ਮਿਲਿਆ ਹੋਇਆ ਹੈ। ਕੁਲਵਿੰਦਰ ਕੌਰ ਉੱਥੇ ਰਹਿ ਰਹੀ ਹੈ। ਮਾਮਲੇ ਸਬੰਧੀ ਅਜੇ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਜੋ ਵੀ ਫੈਸਲਾ ਆਵੇਗਾ, ਤੁਹਾਨੂੰ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਦੀ ਭੈਣ ਕੁਲਵਿੰਦਰ ਕੌਰ ਅਤੇ ਉਨ੍ਹਾਂ ਦਾ ਪਰਿਵਾਰ ਠੀਕ-ਠਾਕ ਹੈ।


ਸ਼ੇਰ ਸਿੰਘ ਮਹੀਵਾਲ ਨੇ ਸਾਫ ਤੌਰ 'ਤੇ ਕਿਹਾ ਕਿ ਭੈਣ ਕੁਲਵਿੰਦਰ ਕੌਰ ਬਿਲਕੁਲ ਵੀ ਮੁਆਫੀ ਮੰਗਣ ਵਾਲੀ ਨਹੀਂ ਹੈ। ਉਸ ਕੋਲ ਮੁਆਫੀ ਨਾਂ ਦਾ ਕੋਈ ਸ਼ਬਦ ਨਹੀਂ ਹੈ। ਜਦੋਂ ਕੰਗਨਾ ਰਣੌਤ ਨੇ ਅਜੇ ਤੱਕ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗੀ ਹੈ ਤਾਂ ਸਾਡੇ ਤੋਂ ਵੀ ਮੁਆਫੀ ਦੀ ਉਮੀਦ ਨਹੀਂ ਰੱਖੀ ਜਾਣੀ ਚਾਹੀਦੀ।


ਸੀਆਈਐਸਐਫ ਵੱਲੋਂ ਕੁਲਵਿੰਦਰ ਕੌਰ ਦੇ ਬੈਂਗਲੁਰੂ ਵਿੱਚ ਤਬਾਦਲੇ ਬਾਰੇ ਵੀ ਪ੍ਰਤੀਕਿਰਿਆ ਦਿੱਤੀ ਗਈ। ਸੀਆਈਐਸਐਫ ਅਨੁਸਾਰ ਕਾਂਸਟੇਬਲ ਕੁਲਵਿੰਦਰ ਕੌਰ ਅਜੇ ਵੀ ਮੁਅੱਤਲ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਚੱਲ ਰਹੀ ਹੈ। ਹਾਲਾਂਕਿ, ਉਸ ਨੂੰ ਉਸਦੇ ਪਤੀ, ਜੋ ਕਿ ਸੀਆਈਐਸਐਫ ਵਿੱਚ ਵੀ ਹੈ, ਦੇ ਨਾਲ ਬੈਂਗਲੁਰੂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।


ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ 6 ਜੂਨ ਨੂੰ CISF ਕਾਂਸਟੇਬਲ ਕੁਲਵਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰ ਦਿੱਤਾ ਸੀ। ਕੰਗਨਾ ਰਣੌਤ ਨੇ ਇਸ ਘਟਨਾ ਨੂੰ ਲੈ ਕੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਸ ਨੂੰ ਥੱਪੜ ਮਾਰਿਆ ਗਿਆ ਅਤੇ ਦੁਰਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਸੁਰੱਖਿਅਤ ਹਾਂ ਪਰ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਤੋਂ ਚਿੰਤਤ ਹਾਂ।


ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਹ ਲੋਕਾਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਕਿਹਾ ਸੀ ਕਿ ਅੰਦੋਲਨ ਵਿੱਚ ਸ਼ਾਮਲ ਔਰਤਾਂ 100-200 ਰੁਪਏ ਕਰਕੇ ਵਿਰੋਧ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਪ੍ਰਦਰਸ਼ਨਕਾਰੀਆਂ ਵਿੱਚ ਮੇਰੀ ਮਾਂ ਵੀ ਸ਼ਾਮਲ ਸੀ।