Kapurthala Jail Superintendent Suspended: ਪੰਜਾਬ ਦੀ ਕਪੂਰਥਲਾ ਜੇਲ੍ਹ ਵਿੱਚ ਨਿੰਬੂ ਘਪਲੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਆਸਮਾਨ ਛੂੰਹਦੀਆਂ ਕੀਮਤਾਂ ਕਾਰਨ ਜਿੱਥੇ ਆਮ ਲੋਕ ਨਿੰਬੂ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ, ਉੱਥੇ ਹੀ ਕਪੂਰਥਲਾ ਮਾਡਰਨ ਜੇਲ੍ਹ ਦੇ ਕੈਦੀਆਂ ਨੂੰ ਇਹ 200 ਰੁਪਏ ਕਿਲੋ ਦੇ ਹਿਸਾਬ ਨਾਲ ‘ਖੁਆਇਆ’ ਜਾਂਦਾ ਹੈ।



ਜੇਲ੍ਹ ਸੁਪਰਡੈਂਟ ਦੇ ਹੁਕਮਾਂ ’ਤੇ ਗਰਮੀਆਂ ਵਿੱਚ ਅੱਧਾ ਕੁਇੰਟਲ ਨਿੰਬੂ ਮੰਗਵਾਏ ਗਏ। ਇਹ ਨਿੰਬੂ ਕੈਦੀਆਂ ਨੂੰ ਕਦੇ ਵੀ ਉਪਲਬਧ ਨਹੀਂ ਸਨ। ਜਾਂਚ ਟੀਮ ਜਦੋਂ ਮੁਆਇਨਾ ਕਰਨ ਪਹੁੰਚੀ ਤਾਂ ਸਾਰੀ ਹੇਰਾਫੇਰੀ ਦਾ ਪਰਦਾਫਾਸ਼ ਹੋ ਗਿਆ। ਕੈਦੀਆਂ ਨੇ ਸਾਫ਼ ਕਿਹਾ, ਉਹ ਕਦੇ ਵੀ ਰਾਸ਼ਨ ਵਿੱਚ ਨਿੰਬੂ ਨਹੀਂ ਖਾਂਦੇ। ਇਸ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਪੂਰਥਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਗੁਰਨਾਮ ਲਾਲ ਨੂੰ ਮੁਅੱਤਲ ਕਰ ਦਿੱਤਾ ਹੈ।

ਨਿੰਬੂ ਘੁਟਾਲੇ ਵਿੱਚ ਜੇਲ੍ਹ ਸੁਪਰਡੈਂਟ ਮੁਅੱਤਲ
ਕਪੂਰਥਲਾ ਜੇਲ੍ਹ ਵਿੱਚ ਜਾਂਚ ਦੌਰਾਨ ਗਬਨ ਤੇ ਕੁਤਾਹੀ ਸਮੇਤ ਕਈ ਬੇਨਿਯਮੀਆਂ ਵੀ ਸਾਹਮਣੇ ਆਈਆਂ ਹਨ। ਕੈਦੀਆਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਏਡੀਜੀਪੀ (ਜੇਲ੍ਹਾਂ) ਵਰਿੰਦਰ ਕੁਮਾਰ ਨੇ 1 ਮਈ ਨੂੰ 1 ਡੀਆਈਜੀ (ਜੇਲ੍ਹਾਂ) ਤੇ ਲੇਖਾ ਅਫ਼ਸਰ ਨੂੰ ਜੇਲ੍ਹ ਵਿੱਚ ਅਚਨਚੇਤ ਨਿਰੀਖਣ ਕਰਨ ਲਈ ਭੇਜਿਆ ਸੀ। ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਪਾਇਆ ਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਮਾੜੀ ਸੀ ਤੇ ਜੇਲ੍ਹ ਮੈਨੂਅਲ ਵਿੱਚ ਨਿਰਧਾਰਤ ਮਾਤਰਾ ਕਾਫ਼ੀ ਨਹੀਂ ਸੀ।

ਟੈਸਟ ਵਿੱਚ ਹਰੇਕ ਰੋਟੀ ਦਾ ਭਾਰ 50 ਗ੍ਰਾਮ ਤੋਂ ਘੱਟ
ਕਪੂਰਥਲਾ ਜੇਲ 'ਚ ਜਾਂਚ ਦੌਰਾਨ ਪਤਾ ਲੱਗਾ ਕਿ ਇੱਥੇ ਬਣੀ ਹਰ ਚਪਾਤੀ ਦਾ ਵਜ਼ਨ 50 ਗ੍ਰਾਮ ਤੋਂ ਘੱਟ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਕਈ ਕੁਇੰਟਲ ਆਟਾ ਵੀ ਗਬਨ ਕੀਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਅਧਿਕਾਰੀ ਦੀ ਤਰਫੋਂ ਸਬਜ਼ੀਆਂ ਦੀ ਖਰੀਦ ਵਿੱਚ ਵੀ ਬੇਨਿਯਮੀਆਂ ਹੋਈਆਂ ਹਨ। ਜੇਲ੍ਹ ਸੁਪਰਡੈਂਟ ਨੇ 5 ਦਿਨਾਂ ਦੀ ਸਬਜ਼ੀ ਖਰੀਦਣ ਲਈ ਦਿਖਾਇਆ ਪਰ ਕੈਦੀ ਘੱਟ ਦਿਨਾਂ ਦੀ ਸਬਜ਼ੀ ਖ਼ਰੀਦਣ ਦਾ ਦਾਅਵਾ ਕਰ ਰਹੇ ਹਨ।