Faridkot Lok Sabha Seat: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆਮ ਕਾਰੋਬਾਰੀ-ਵਪਾਰੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣਗੇ। ਮੋਗਾ ‘ਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਮਹਿੰਗਾਈ, ਨੋਟ ਬੰਦੀ ਅਤੇ ਬੇਰੁਜ਼ਗਾਰੀ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਨਿਸ਼ਾਨੇ ‘ਤੇ ਲਿਆ।


ਕਰਮਜੀਤ ਅਨਮੋਲ ਨੇ ਕਿਹਾ ਕਿ ਮੀਡੀਆ ਦਾ ਇੱਕ ਹਿੱਸਾ ਅਤੇ ਕੇਂਦਰ ਸਰਕਾਰ ਦਾ ਆਈਟੀ ਸੈਲ ਜੋ ਮਰਜ਼ੀ ਪ੍ਰਚਾਰ ਕਰੇ ਪਰ ਮਹਿੰਗਾਈ, ਨੋਟ ਬੰਦੀ ਪੱਖਪਾਤੀ ਤਰੀਕੇ ਨਾਲ ਲਾਗੂ ਜੀਐਸਟੀ ਅਤੇ ਬੇਰੁਜ਼ਗਾਰੀ ਤੋਂ ਹਰ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ। 


ਸਾਡੀਆਂ ਮਾਵਾਂ ਭੈਣਾਂ ਹਰ ਰੋਜ਼ ਮਹਿੰਗੇ ਹੋ ਰਹੇ ਗੈਸ ਸਿਲੰਡਰਾਂ ਅਤੇ ਰਾਸ਼ਨ ਤੋਂ ਪਰੇਸ਼ਾਨ ਹਨ। ਹਰ ਗ਼ਰੀਬ-ਅਮੀਰ ਡੀਜ਼ਲ-ਪੈਟਰੋਲ ਦੀਆਂ ਬੇਲਗ਼ਾਮ ਕੀਮਤਾਂ ਤੋਂ ਦੁਖੀ ਹੈ। ਆਮ ਵਪਾਰੀ ਕਾਰੋਬਾਰੀ ਅਤੇ ਛੋਟੇ ਦੁਕਾਨਦਾਰ ਪੱਖਪਾਤੀ ਤਰੀਕੇ ਨਾਲ ਲਾਗੂ ਜੀਐਸਟੀ ‘ਚ ਉਲਝੇ ਹੋਏ ਹਨ। 


ਵਪਾਰੀਆਂ ਕਾਰੋਬਾਰੀਆਂ ਦਾ ਵੱਡਾ ਹਿੱਸਾ ਅਜੇ ਤੱਕ ਨੋਟ ਬੰਦੀ ਦੀ ਮਾਰ ਤੋਂ ਉੱਠ ਨਹੀਂ ਸਕਿਆ। ਕਿਸਾਨ ਫ਼ਸਲਾਂ ਦੀ ਐਮਐਸਪੀ ਉੱਪਰ ਖ਼ਰੀਦ ਦੀ ਗਰੰਟੀ ਲਈ ਸੰਘਰਸ਼ ਕਰ ਰਹੇ ਹਨ ਅਤੇ ਮਜ਼ਦੂਰ ਵਰਗ ਦਮ ਤੋੜ ਰਹੀ ਮਨਰੇਗਾ ਯੋਜਨਾ ਨੂੰ ਬਚਾਉਣ ਲਈ ਲੜ ਰਿਹਾ ਹੈ। ਬੇਰੁਜ਼ਗਾਰੀ ਦੀ ਦਰ ਸਾਰੇ ਰਿਕਾਰਡ ਤੋੜ ਚੁੱਕੀ ਹੈ। ਇਹਨਾਂ ਸਾਰੀਆਂ ਮੁਸ਼ਕਲਾਂ ਲਈ ਕੇਂਦਰ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।


ਕਰਮਜੀਤ ਅਨਮੋਲ ਨੇ ਮੋਗਾ ਦੇ ਲੋਕਾਂ ਨੂੰ ਚੋਣਾਂ ਵਿੱਚ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਸਾਰੇ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਰੌਸ਼ਨ ਪ੍ਰਿੰਸ ਅਤੇ ਨਿਸ਼ਾ ਬਾਲੋ ਨੇ ਕਿਹਾ ਕਿ ਕਰਮਜੀਤ ਸਿੰਘ ਅਨਮੋਲ ਬਹੁਤ ਹੀ ਨੇਕ ਦਿਲ ਇਨਸਾਨ ਹਨ। ਜੋ ਹਮੇਸ਼ਾ ਦੂਸਰਿਆਂ ਖ਼ਾਸ ਕਰਕੇ ਲੋੜਵੰਦਾਂ ਅਤੇ ਦੁਖੀ ਦਰਦੀਆਂ ਦਾ ਮਸੀਹਾ ਬਣ ਕੇ ਵਿਚਰਦਾ ਹੈ। ਇਸ ਗੱਲ ਦੀ ਹਾਮੀ ਪੂਰੀ ਫ਼ਿਲਮ ਇੰਡਸਟਰੀ ਭਰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕਰਮਜੀਤ ਅਨਮੋਲ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਪਾਰਲੀਮੈਂਟ ਭੇਜਿਆ ਜਾਵੇ ਤਾਂ ਕਿ ਇਸ ਨੇਕ ਦਿਲ ਇਨਸਾਨ ਨੂੰ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲ ਸਕੇ।


 



 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l