ਮਾਨਸਾ: ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਇੱਕ ਬੇਹੱਦ ਸ਼ਰਮਨਾਕ ਤੇ ਦੁੱਖਦ ਖ਼ਬਰ ਸਾਹਮਣੇ ਆਈ ਹੈ। ਜਿਥੇ ਪਿੰਡ ਕੁਸਲਾ ਦੇ ਸ਼ਹੀਦ ਨਿਰਮਲ ਸਿੰਘ ਦੀ 80 ਸਾਲਾ ਬਜ਼ੁਰਗ ਮਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਲ ਹੈ। ਨਿਰਮਲ ਸਿੰਘ 1999 ਦੀ ਕਾਰਗਿਲ ਯੁੱਧ 'ਚ ਸ਼ਹੀਦੀ ਪ੍ਰਾਪਤ ਕਰ ਗਏ ਸਨ। ਅੱਜ ਉਨ੍ਹਾਂ ਦੀ ਬਜ਼ੁਰਗ ਮਾਂ ਇਕੱਲੀ ਹੈ ਤੇ ਰੋਜ਼ੀ ਰੋਟੀ ਲਈ ਮਨਰੇਗਾ 'ਚ ਮਜ਼ਦੂਰੀ ਕਰਦੀ ਹੈ। ਉਨ੍ਹਾਂ ਨੂੰ ਕੋਈ ਬੁਢਾਪਾ ਪੈਨਸ਼ਨ ਵੀ ਨਹੀਂ ਮਿਲ ਰਹੀ।
ਇਨ੍ਹਾਂ ਮੁਸ਼ਕਲ ਭਾਰੇ ਹਲਾਤਾਂ 'ਚ ਮਾਤਾ ਮਨਰੇਗਾ 'ਚ ਮਜ਼ਦੂਰੀ ਕਰਦੀ ਹੈ ਤੇ ਭਾਰੇ ਭਾਰੇ ਬੋਝ ਦੇ ਟੋਕਰੇ ਚੁੱਕਦੀ ਹੈ ਪਰ ਮਾਤਾ ਦਾ ਬੋਝ ਚੁੱਕਣ ਵਾਲਾ ਕੋਈ ਨਹੀਂ ਹੈ। ਮਾਤਾ ਜਿਸ ਘਰ 'ਚ ਰਹਿ ਰਹੀ ਹੈ, ਉਸ ਦੇ ਹਲਾਤ ਵੀ ਬੇਹੱਦ ਖਰਾਬ ਹਨ। ਮਾਤਾ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਪਹਿਲਾਂ ਪਤਾ ਹੁੰਦਾ ਕਿ ਉਸ ਨੂੰ ਐਸੇ ਦਿਨ ਵੇਖਣੇ ਪੈਣਗੇ ਤਾਂ ਉਹ ਕਦੇ ਵੀ ਆਪਣੇ ਪੁੱਤਰ ਨੂੰ ਫੌਜ 'ਚ ਨਾ ਭੇਜਦੀ।
ਪਿੰਡ ਦੇ ਸਰਪੰਚ ਮੁਤਾਬਕ ਸ਼ਹੀਦ ਨਿਰਮਲ ਸਿੰਘ ਦੀ ਸ਼ਹਾਦਤ ਮਗਰੋਂ ਜੋ ਵੀ ਪੈਸਾ ਮਿਲਿਆ, ਉਹ ਉਸ ਦੀ ਪਤਨੀ ਲੈ ਗਈ ਤੇ ਉਸ ਨੇ ਦੂਜਾ ਵਿਆਹ ਕਰਵਾ ਲਿਆ।