ਕਰਤਾਰਪੁਰ ਲਾਂਘਾ: ਹਰਸਿਰਤ ਬਾਦਲ ਨੇ ਤੋੜਿਆ ਪ੍ਰੋਟੋਕਾਲ, ਅਸਤੀਫੇ ਦੀ ਮੰਗ
ਏਬੀਪੀ ਸਾਂਝਾ | 26 Nov 2018 04:35 PM (IST)
ਅੰਮ੍ਰਿਤਸਰ: ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਵੇਲੇ ਕਈ ਸਿਆਸੀ ਵਿਵਾਦ ਖੜ੍ਹੇ ਹੋਏ। ਇਨ੍ਹਾਂ ਵਿਵਾਦਾਂ ਕਰਕੇ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਸਿਮਰਤ ਬਾਦਲ ਦਾ ਅਸਤੀਫ਼ਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਨੂੰ ਅਹੁਦੇ 'ਤੇ ਰਹਿਣ ਦਾ ਕੋਈ ਹੱਕ ਨਹੀਂ। ਰੰਧਾਵਾ ਨੇ ਇਲਜ਼ਾਮ ਲਾਇਆ ਕਿ ਰਾਸ਼ਟਰਪਤੀ ਦੇ ਸਟੇਜ 'ਤੇ ਬਿਰਾਜਮਾਨ ਹੋਣ ਦੇ ਬਾਵਜੂਦ ਹਰਸਿਮਰਤ ਬਾਦਲ ਨੇ ਸਿਆਸੀ ਬਿਆਨਬਾਜ਼ੀ ਕੀਤੀ ਜੋ ਪ੍ਰੋਟੋਕਾਲ ਦੀ ਉਲੰਘਣਾ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਆਪਣਾ ਰੋਸ ਜਿਤਾ ਦਿੱਤਾ ਸੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸ਼ਾਂਤ ਹੋ ਕੇ ਬੈਠਣ ਲਈ ਕਿਹਾ ਸੀ ਕਿਉਂਕਿ ਉਹ ਗੁਰੂ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ ਸਨ ਨਾ ਕਿ ਸਿਆਸਤ ਕਰਨ। ਇਸ ਦੇ ਬਾਵਜੂਦ ਸਟੇਜ ਤੋਂ ਹਰਸਿਮਰਤ ਨੇ ਸਿਆਸਤ ਕੀਤੀ ਤੇ ਪੰਡਾਲ ਵਿੱਚੋਂ ਬਿਕਰਮ ਮਜੀਠੀਆ ਨੇ ਤਮਾਸ਼ਾ ਕਰਕੇ ਇਸ ਨੂੰ ਪਰਿਵਾਰਕ ਸ਼ੋਅ ਬਣਾ ਦਿੱਤਾ। ਰੰਧਾਵਾ ਨੇ ਕਿਹਾ ਕਿ ਸਾਰੇ ਲੋਕ ਗਵਾਹ ਹਨ ਕਿ ਉਨ੍ਹਾਂ ਨੇ ਸਿਆਸਤ ਦੀ ਕੋਈ ਵੀ ਗੱਲ ਨਹੀਂ ਕੀਤੀ। ਦੂਜੇ ਪਾਸੇ ਇਨ੍ਹਾਂ ਨੇ ਜਾਣਬੁੱਝ ਕੇ ਸਿਆਸੀ ਗੱਲਾਂ ਕੀਤੀਆਂ ਤੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੂੰ ਸਬਕ ਰੱਬ ਸਿਖਾਏਗਾ।