ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਇਕਜੁੱਟ ਹੋ ਕੇ ਸਾਰੇ ਹਾਊਸ ਨੇ ਕਰਤਾਰਪੁਰ ਲਾਂਘੇ ਵਾਲੀ ਜ਼ਮੀਨ ਪਾਕਿਸਤਾਨ ਨਾਲ ਬਦਲਣ ਦਾ ਮਤਾ ਪਾਸ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਤਾ ਪੇਸ਼ ਕੀਤਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜ਼ਮੀਨ ਭਾਰਤ ਦੀ ਸਰਹੱਦ ਵਿੱਚ ਲਿਆਂਦੀ ਜਾਵੇ ਤੇ ਓਨੀ ਹੀ ਜ਼ਮੀਨ ਬਦਲੇ ਵਿੱਚ ਪਾਕਿਸਤਾਨ ਨੂੰ ਦਿੱਤੀ ਜਾਵੇ।
ਇਹ ਮਤਾ ਵਿਧਾਨ ਸਭਾ ਵਿੱਚ ਪਾਸ ਹੋਣ ਮਗਰੋਂ ਕੇਂਦਰ ਸਰਕਾਰ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਸ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਾਲੀ ਜ਼ਮੀਨ ਲੈਣ ਤੇ ਬਦਲੇ ਵਿੱਚ ਪਾਕਿਸਤਾਨ ਨੂੰ ਓਨਾ ਹੀ ਹਿੱਸਾ ਜ਼ਮੀਨ ਦੇਣ ਦੀ ਗੱਲ ਕੇਂਦਰ ਸਰਕਾਰ ਨਾਲ ਕੀਤੀ ਜਾਵੇਗੀ।
ਕਾਬਲੇਗੌਰ ਹੈ ਕਿ ਭਾਰਤ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਨਾਲ ਸਬੰਧਤ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਾਂਘੇ ਲਈ ਚਾਰ ਕਿਲੋਮੀਟਰ ਲੰਬੇ ਮਾਰਗ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਇਹ ਲਾਂਘਾ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ਵਾਲੇ ਅਸਥਾਨ ਕਰਤਾਰਪੁਰ ਦੇ ਦਰਬਾਰ ਸਾਹਿਬ ਨਾਲ ਸਿੱਧਾ ਜੁੜੇਗਾ।
ਵੀਰਵਾਰ ਨੂੰ ਲੋਕ ਸਭਾ ’ਚ ਲਿਖਤੀ ਜਵਾਬ ਦੌਰਾਨ ਰਾਜਮਾਰਗਾਂ ਬਾਰੇ ਰਾਜ ਮੰਤਰੀ ਮਨਸੁਖ ਐਲ ਮਾਂਡਵੀਆ ਨੇ ਕਿਹਾ ਕਿ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤਕ ਲਾਂਘਾ ਵਿਕਸਤ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਿੱਧੀ ਸੜਕ ਕੱਢਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਲਾਂਘਾ ਬਣਾਉਣ ਦਾ ਫ਼ੈਸਲਾ 22 ਨਵੰਬਰ ਨੂੰ ਕੇਂਦਰੀ ਵਜ਼ਾਰਤ ’ਚ ਲਿਆ ਗਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 28 ਨਵੰਬਰ ਨੂੰ ਮੁਲਕ ’ਚ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ।