ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਦੌਰਾਨ ਰਸਤੇ ਵਿੱਚ ਆਏ ਮੰਦਰ ਤੇ ਦਰਗਾਹ ਕਾਰਨ ਰੁਕਿਆ ਕੰਮ, ਫਿਰ ਤੋਂ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਨੇ ਦਰਗਾਹ ਨੂੰ ਬਲ ਵਰਤ ਕੇ ਹਟਾ ਦਿੱਤਾ ਹੈ, ਪਰ ਮੰਦਰ ਦੇ ਟਰੱਸਟ ਨਾਲ ਗੱਲਬਾਤ ਚੱਲ ਰਹੀ ਹੈ।


ਗੁਰਦਾਸਪੁਰ ਦੇ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਪੂਰੇ ਕੌਰੀਡੋਰ ਦਾ ਕੰਮ ਨਹੀਂ ਸੀ ਰੁਕਿਆ, ਸਿਰਫ ਦਰਗਾਹ ਤੇ ਮੰਦਰ ਵਾਲੇ ਪਾਸੇ ਕੰਮ ਰੁਕਿਆ ਸੀ। ਉਨ੍ਹਾਂ ਦੱਸਿਆ ਕਿ ਪੁਰਾਣੀ ਦਰਗਾਹ ਨੂੰ ਛੱਡ ਬਾਕੀ ਹਿੱਸੇ ਨੂੰ ਹਟਵਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਐਸਡੀਐਮ ਮੁਤਾਬਕ ਮੰਦਰ ਦੇ ਕੁਝ ਕਮਰੇ ਵੀ ਪ੍ਰਾਜੈਕਟ ਵਿੱਚ ਆ ਰਹੇ ਹਨ, ਜਿਸ ਬਾਰੇ ਟਰੱਸਟ ਨਾਲ ਗੱਲਬਾਤ ਕਰ ਰਹੇ ਹਨ ਅਤੇ ਮਾਮਲਾ ਛੇਤੀ ਹੱਲ ਹੋ ਜਾਵੇਗਾ।

ਉੱਧਰ, ਦਰਗਾਹ ਦੇ ਸੇਵਾਦਾਰ ਨੇ ਕਿਹਾ ਕਿ ਉਹ ਰੌਲਾ ਪਾਉਂਦਾ ਰਹਿ ਗਿਆ ਪਰ ਪ੍ਰਸ਼ਾਸਨ ਨੇ ਦਰਗਾਹ ਨੂੰ ਮਿੱਟੀ ਵਿੱਚ ਦਫਨ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਤੇ ਪਾਕਿਸਤਾਨ ਵਿੱਚ ਬਣ ਰਿਹਾ ਇਹ ਵੀਜ਼ਾ ਮੁਕਤ ਪੰਧ, ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਤਕ ਜਾਵੇਗਾ। ਦੋਵੇਂ ਦੇਸ਼ ਇਸ ਲਾਂਘੇ ਦੀ ਉਸਾਰੀ ਵਿੱਚ ਜੁਟੇ ਹੋਏ ਹਨ। ਨਵੰਬਰ ਤੋਂ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਇਸ ਗਲਿਆਰੇ ਰਾਹੀਂ ਦਰਸ਼ਨ ਕਰਨ ਲਈ ਜਾਣ ਦੀ ਆਗਿਆ ਮਿਲਣ ਦੀ ਆਸ ਹੈ।