Kaumi Insaf Morcha: ਸ਼ੰਭੂ ਬਾਰਡਰ 'ਤੇ ਅਲਰਟ! ਸਿੱਖ ਕੈਦੀਆਂ ਦੀ ਰਿਹਾਈ ਲਈ ਦਿੱਲੀ ਕੂਚ, ਕਿਸਾਨ ਜਥੇਬੰਦੀਆਂ ਵੀ ਡਟੀਆਂ
ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਪੰਜਾਬ ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕੀਤਾ ਜਾ ਰਿਹਾ ਹੈ।

Kaumi Insaf Morcha Delhi March: ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਪੰਜਾਬ ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕੀਤਾ ਜਾ ਰਿਹਾ ਹੈ। ਕੌਮੀ ਇਨਸਾਫ਼ ਮੋਰਚਾ ਤੇ ਕਿਸਾਨ ਯੂਨੀਅਨਾਂ ਦੇ ਮੈਂਬਰ ਸ਼ੰਭੂ ਸਰਹੱਦ 'ਤੇ ਇਕੱਠੇ ਹੋਏ ਹਨ। ਦੂਜੇ ਪਾਸੇ ਪੁਲਿਸ ਨੇ ਸ਼ੰਭੂ ਬਾਰਡਰ ਉਪਰ ਸਖਤ ਬੈਰੀਕੇਡਿੰਗ ਕੀਤੀ ਹੋਈ ਹੈ।
ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਸੰਗਠਨਾਂ ਦਾ ਕੌਮੀ ਇਨਸਾਫ ਮੋਰਚੇ ਦੇ ਦਿੱਲੀ ਮਾਰਚ ਨੂੰ ਪੂਰਾ ਸਮਰਥਨ ਹੈ। ਉਧਰ, ਕਿਸਾਨਾਂ ਦੇ ਐਲਾਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਪੁਲਿਸ ਨੇ ਸਖਤ ਪ੍ਰਬੰਧ ਕੀਤੇ ਹਨ। ਪੁਲਿਸ ਨੇ ਕੱਲ੍ਹ 13 ਨਵੰਬਰ ਨੂੰ ਹੀ ਟ੍ਰੈਫਿਕ ਡਾਇਵਰਸ਼ਨ ਕਰ ਦਿੱਤੀ ਸੀ। ਰਾਜਪੁਰਾ-ਅੰਬਾਲਾ ਹਾਈਵੇਅ 'ਤੇ ਆਵਾਜਾਈ ਅੱਜ 14 ਨਵੰਬਰ (ਸ਼ੁੱਕਰਵਾਰ) ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਬੰਦ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ।
ਪੁਲਿਸ ਵੱਲੋਂ ਟ੍ਰੈਫਿਕ ਡਾਇਵਰਸ਼ਨ ਪਲਾਨ ਜਾਰੀ
ਲੁਧਿਆਣਾ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਰਾਜਪੁਰਾ ਤੋਂ ਬਨੂੜ, ਜ਼ੀਰਕਪੁਰ ਤੇ ਡੇਰਾਬੱਸੀ ਰਾਹੀਂ ਮੋੜ ਦਿੱਤਾ ਗਿਆ ਹੈ। ਅੰਬਾਲਾ ਤੋਂ ਲੁਧਿਆਣਾ ਜਾਣ ਵਾਲੇ ਵਾਹਨਾਂ ਨੂੰ ਵੀ ਇਹੀ ਰਸਤਾ ਅਪਣਾਉਣਾ ਪਵੇਗਾ। ਫਤਿਹਗੜ੍ਹ ਸਾਹਿਬ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਲਾਂਡਰਾਂ ਤੋਂ ਏਅਰਪੋਰਟ ਚੌਕ, ਮੁਹਾਲੀ ਤੇ ਡੇਰਾਬੱਸੀ ਰਾਹੀਂ ਅੰਬਾਲਾ ਭੇਜਿਆ ਜਾ ਰਿਹਾ ਹੈ। ਰਾਜਪੁਰਾ ਤੋਂ ਘਨੌਰ ਰਾਹੀਂ ਅੰਬਾਲਾ ਪਹੁੰਚਣ ਦਾ ਵੀ ਵਿਕਲਪ ਹੈ। ਪਟਿਆਲਾ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਘਨੌਰ ਜਾਣਾ ਪਵੇਗਾ। ਰਾਜਪੁਰਾ ਤੋਂ ਛੋਟੇ ਵਾਹਨ ਬਨੂੜ, ਮਨੌਲੀ ਸੂਰਜ ਤੇ ਲਹਿਲੀ ਲਾਲੜੂ ਰਾਹੀਂ ਅੰਬਾਲਾ ਪਹੁੰਚ ਸਕਣਗੇ।
ਸ਼ੰਭੂ ਸਰਹੱਦ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਪੁਲਿਸ ਅਨੁਸਾਰ, ਪ੍ਰਦਰਸ਼ਨਕਾਰੀ ਕਿਸਾਨ ਸ਼ੰਭੂ ਵੱਲ ਮਾਰਚ ਕਰਨਗੇ। ਇਸ ਸਮੇਂ ਦੌਰਾਨ ਹਾਈਵੇਅ 'ਤੇ ਕੋਈ ਹਫੜਾ-ਦਫੜੀ ਨਾ ਹੋਵੇ ਇਸ ਲਈ ਰੂਟ ਡਾਇਵਰਸ਼ਨ ਕੀਤਾ ਜਾਵੇਗਾ।






















