ਚੰਡੀਗੜ੍ਹ/ਨਵੀਂ ਦਿੱਲੀ: ਬੀਜੇਪੀ ਨੂੰ ਅਲਵਿਦਾ ਕਹਿ ਹਵਾ ਵਿੱਚ ਲਟਕੇ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਅਜੀਬ ਬੁਝਾਰਤ ਬਣੇ ਹੋਏ ਹਨ। ਇੱਕ ਪਾਸੇ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਦੀਵਾਲੀ ਤੱਕ ਸਿੱਧੂ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸਿੱਧੂ ਨਾਲ ਗੱਲਬਾਤ ਚੱਲ ਰਹੀ ਹੈ।
ਅਸਲ ਵਿੱਚ ਸਿੱਧੂ ਖੁਦ ਤਾਂ ਬੁਝਾਰਤ ਬਣੇ ਹੋਏ ਹੀ ਹਨ, ਨਾਲ ਹੀ ਉਨ੍ਹਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਵੀ ਕਈ ਬੁਝਾਰਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਦੋਵਾਂ ਪਾਰਟੀਆਂ ਦੇ ਪੱਖ ਮੰਨੇ ਜਾਣ ਤਾਂ ਕਿਹਾ ਜਾ ਸਕਦਾ ਹੈ ਕਿ ਸਿੱਧੂ ਕੋਈ ਵੱਡਾ ਦਾਅ ਖੇਡ ਰਹੇ ਹਨ। ਸਿੱਧੂ ਦੀ ਅਗਵਾਈ ਵਾਲਾ ਫਰੰਟ ਆਵਾਜ਼-ਏ-ਪੰਜਾਬ ਵੀ ਦਾਅਵਾ ਕਰ ਚੁੱਕਾ ਹੈ ਕਿ ਉਨ੍ਹਾਂ ਦੀ ਕਾਂਗਰਸ ਨਾਲ ਗੱਲਬਾਤ ਚੱਲ ਰਹੀ ਹੈ।
ਇਸ ਚਰਚਾ ਵਿੱਚ ਸ਼ਾਮਲ ਹੁੰਦਿਆਂ ਕੇਜਰੀਵਾਲ ਨੇ ਵੀ ਸਿੱਧੂ ਨੂੰ ਲੈ ਕੇ ਨਵਾਂ ਦਾਅ ਖੇਡਿਆ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਿੱਧੂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਦਾ ਨਤੀਜਾ ਜਲਦ ਹੀ ਸਾਹਮਣੇ ਆ ਜਾਏਗਾ। ਉਨ੍ਹਾਂ ਨੇ 'ਏਬੀਪੀ ਸਾਂਝਾ' ਨਾਲ ਗੱਲ ਕਰਦਿਆਂ ਕਿਹਾ ਕਿ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਨੂੰ 'ਆਪ' ਵਿੱਚ ਆਉਣਾ ਚਾਹੀਦਾ ਹੈ।