ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾ ਰਹੀ ਹੈ। ਇਸ ਵਿਚਾਲੇ ਲਵਲੀ ਯੂਨੀਵਰਸਿਟੀ ਦਾ ਮੁੱਦਾ ਵੀ ਸਾਹਮਣੇ ਆਇਆ ਹੈ। ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਕੇ ਇਸ 'ਤੇ ਸਵਾਲ ਚੁੱਕੇ ਹਨ। ਖਹਿਰਾ ਦਾ ਕਹਿਣਾ ਹੈ ਕਿ ਹੁਣ ਦੇਖਣਾ ਇਹ ਹੋਏਗਾ ਕਿ ਕੀ ਆਪ ਸਰਕਾਰ ਐਮਪੀ ਅਸ਼ੋਕ ਮਿੱਤਲ ਦੇ ਖਿਲਾਫ਼ ਜਾਂਦੀ ਹੈ ਜਾਂ ਨਹੀਂ।


ਖਹਿਰਾ ਨੇ ਟਵੀਟ ਕੀਤਾ,"ਭਗਵੰਤ ਮਾਨ ਤੇ ਉਸ ਦੇ ਮੰਤਰੀ ਕੁਲਦੀਪ ਧਾਲੀਵਾਲ ਫਗਵਾੜਾ ਦੇ ਹਰਦਾਸਪੁਰਾ ਦੀ ਪੰਚਾਇਤੀ ਜ਼ਮੀਨ ਤੋਂ LPU ਦਾ ਨਾਜਾਇਜ਼ ਕਬਜ਼ਾ ਹਟਾਉਣ ਦੀ ਹਿੰਮਤ ਕਰਕੇ ਦਿਖਾਉਣ। ਆਓ ਦੇਖਦੇ ਹਾਂ ਕਿ ਅਰਵਿੰਦ ਕੇਜਰੀਵਾਲ ਆਪਣੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਜੋ ਲਵਲੀ ਯੂਨੀਵਰਸਿਟੀ ਦੇ ਮਾਲਕ ਹਨ, ਖਿਲਾਫ ਕੀ ਕਾਰਵਾਈ ਕਰਦੇ ਹਨ ਜਾਂ ਉਹ ਮੂਕ ਦਰਸ਼ਕ ਬਣੇ ਰਹਿੰਦੇ ਹਨ? "















ਉਨ੍ਹਾਂ ਕਿਹਾ ਕਿ, "ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਹਰਦਾਸਪੁਰਾ (ਫਗਵਾੜਾ) ਦੇ ਸਰਪੰਚ ਨੂੰ ਅਸ਼ੋਕ ਮਿੱਤਲ ਵੱਲੋਂ DDPO ਦੀ ਅਦਾਲਤ ਵਿੱਚ ਕੇਸ ਨਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ! ਕੀ ਭਗਵੰਤ ਮਾਨ ਦੀ ਪੰਚਾਇਤੀ ਜ਼ਮੀਨਾਂ 'ਤੋਂ ਕਬਜ਼ੇ ਹਟਾਉਣ ਦੀ ਮੁਹਿੰਮ ਸਿਰਫ ਸਿਮਰਨਜੀਤ ਮਾਨ ਤੇ ਹੋਰਾਂ ਸਿਆਸੀ ਵਿਰੋਧੀਆਂ ਤੱਕ ਸੀਮਤ ਹੈ?"


ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੀ ਮਲਕੀਅਤ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ), ਫਗਵਾੜਾ ਪੰਚਾਇਤੀ ਜ਼ਮੀਨਾਂ ਨੂੰ ਕਥਿਤ ਤੌਰ 'ਤੇ ਹੜੱਪਣ ਦੇ ਮਾਮਲੇ 'ਚ ਸ਼ੱਕ ਦੇ ਘੇਰੇ 'ਚ ਹੈ। ਹਾਲਾਂਕਿ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਜ਼ਮੀਨ ਖਾਲੀ ਕਰਵਾਉਣ ਵਿੱਚ “ਧੀਮੀ” ਚੱਲ ਰਿਹਾ ਹੈ।