ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਿੰਡ ਸਰਾਏ ਖ਼ਾਸ ਤੋਂ ਔਰਤਾਂ ਲਈ 1000 ਮਹੀਨਾ ਦੇ ਫਾਰਮ ਭਰਵਾਉਣ ਤੋਂ ਬਾਅਦ ਪਿੰਡ ਦੀਆਂ ਮਹਿਲਾਵਾਂ ਨਾਲ ਕੀਤੀ ਗੱਲਬਾਤ। ਔਰਤਾਂ ਲਈ 1000 ਮਹੀਨਾ ਦੇਣ ਲਈ ਪੈਸੇ ਬਾਰੇ ਸਵਾਲ 'ਤੇ ਕੇਜਰੀਵਾਲ ਨੇ ਕਿਹਾ ਕਿ ਮੈਂ ਦੱਸਦਾ ਪੈਸਾ ਕਿਵੇਂ ਤੇ ਕਿੱਥੋਂ ਆਏਗਾ।



ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਅਸੀਂ ਜੇਕਰ 'ਆਪ' ਨੂੰ ਵੋਟ ਪਾਵਾਂਗੇ ਵੀ ਤਾਂ ਦਿੱਲੀ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਵਾਂਗੇ ਨਾ ਕਿ 1000 ਰੁਪਏ ਦੇ ਬਦਲੇ। ਔਰਤਾਂ ਨੇ ਕਿਹਾ ਕਿ 1000 ਰੁਪਏ ਦਾ ਅੱਜ ਦੇ ਮਹਿੰਗੇ ਯੁੱਗ ਵਿੱਚ ਕੁਝ ਨਹੀਂ ਆਉਂਦਾ। ਨਾਲੇ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਵੇਲੇ ਲਾਲਚ ਦੇਣ ਦਾ ਯਤਨ ਕਰਦੀਆਂ ਹਨ ਪਰ ਉਹ ਆਪਣਾ ਵੋਟ ਉਮੀਦਵਾਰ ਤੇ ਪਾਰਟੀ ਦੇਖ ਕੇ ਹੀ ਪਾਉਣਗੀਆਂ।



ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਰੇਤ ਚੋਰੀ ਹੋ ਰਹੀ ਹੈ ਤੇ ਉਹ ਪੈਸਾ ਉੱਪਰ ਤੱਕ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 20000 ਕਰੋੜ ਦੀ ਰੇਤ ਚੋਰੀ ਹੋ ਰਹੀ ਹੈ। ਇਸ ਵਿੱਚੋਂ 10000 ਕਰੋੜ ਨਾਲ ਹੀ 1000 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇੱਕ ਮੌਕਾ ਜ਼ਰੂਰ ਦਿਓ। ਜੇ ਕੰਮ ਨਾ ਕੀਤਾ ਤਾਂ ਭਜਾ ਦਿਓ। ਦਿੱਲੀ ਵਾਲਿਆਂ ਨੇ ਵੀ ਇੱਕ ਮੌਕਾ ਦਿੱਤਾ ਸੀ ਤੇ ਸਭ ਕੁਝ ਬਦਲ ਗਿਆ ਹੈ।



ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ 'ਚ ਹੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ 'ਤੇ ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਸ ਮਾਈਨਿੰਗ ਦੇ ਮਾਲਕ ਹਨ ਜਾਂ ਭਾਈਵਾਲ ਹਨ।


ਕੇਜਰੀਵਾਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਬਹੁਤ ਸਾਰੇ ਵਿਧਾਇਕ ਨਜਾਇਜ਼ ਮਾਈਨਿੰਗ ਵਿੱਚ ਸ਼ਾਮਲ ਹਨ। ਜੇਕਰ ਵਿਧਾਇਕ ਜਾਂ ਸਿਆਸੀ ਆਗੂ ਹੀ ਮਾਇਨਿੰਗ ਚ ਸ਼ਾਮਲ ਹੋਣਗੇ ਤਾਂ ਆਮ ਲੋਕ ਕਿੱਥੇ ਜਾਣਗੇ। ਕੇਜਰੀਵਾਲ ਨੇ ਕਿਹਾ ਸੂਬੇ 'ਚ 20 ਹਜਾਰ ਕਰੋੜ ਦੀ ਅੰਦਾਜਨ ਨਾਜਾਇਜ ਮਾਈਨਿੰਗ ਹੁੰਦੀ ਹੈ। ਸੂਬੇ 'ਚ ਆਮ ਆਦਮੀ ਪਾਰਟੀ ਸਰਕਾਰ ਬਣਨ 'ਤੇ ਨਾਜਾਇਜ ਮਾਈਨਿੰਗ ਰੋਕੀ ਜਾਵੇਗੀ। ਇਹ ਪੈਸਾ ਸੂਬੇ ਦੀ ਆਮ ਜਨਤਾ ਤੇ ਗਰੀਬ ਲੋਕਾਂ 'ਚ ਵੰਡਿਆ ਜਾਵੇਗਾ।