ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਅਖੌਤੀ “ਕੱਟੜ-ਇਮਾਨਦਾਰ” ਪਾਰਟੀ ਦਾ ਆਚਰਣ ਦੇਖੋ। ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਮਾਮਲੇ 'ਚ ਜੇਲ 'ਚ ਬੰਦ ਸੁਕੇਸ਼ ਚੰਦਰਸ਼ੇਖਰ ਤੋਂ ਜੇਲ 'ਚ ਸੁਰੱਖਿਆ ਦੇ ਨਾਂ 'ਤੇ ਕਰੋੜਾਂ ਰੁਪਏ ਮੰਗੇ ਗਏ। ਪੰਜਾਬ ਦੀ ਆਬਕਾਰੀ ਨੀਤੀ 'ਚ ਵੀ ਅਜਿਹਾ ਹੀ ਮੈਗਾ ਭ੍ਰਿਸ਼ਟਾਚਾਰ ਹੈ, ਜੇਕਰ ਜਾਂਚ ਕੀਤੀ ਗਈ ਤਾਂ ਭ੍ਰਿਸ਼ਟ ਹਰਪਾਲ ਚੀਮਾ ਵਿਧਾਇਕ ਦਾ ਪਰਦਾਫਾਸ਼ ਹੋਵੇਗਾ। 


 



ਠੱਗੀ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੇ ਉਪ ਰਾਜਪਾਲ ਵਿਨੈ ਸਕਸੈਨਾ ਨੂੰ ਇੱਕ ਹੋਰ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਸੁਕੇਸ਼ ਨੇ ਕੇਜਰੀਵਾਲ ਸਰਕਾਰ 'ਚ ਮੰਤਰੀ ਸਤੇਂਦਰ ਜੈਨ ਅਤੇ ਜੇਲ੍ਹ ਦੇ ਡੀਜੀ ਸੰਦੀਪ ਗੋਇਲ 'ਤੇ ਗੰਭੀਰ ਦੋਸ਼ ਲਾਏ ਹਨ। ਸੁਕੇਸ਼ ਦਾ ਦਾਅਵਾ ਹੈ ਕਿ ਜੇਲ੍ਹ ਵਿੱਚ ਉਸਦੀ ਜਾਨ ਨੂੰ ਖ਼ਤਰਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਸਤਿੰਦਰ ਜੈਨ ਅਤੇ ਸੰਦੀਪ ਗੋਇਲ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।


ਐਲਜੀ ਨੂੰ ਸੁਕੇਸ਼ ਚੰਦਰਸ਼ੇਖਰ ਦਾ ਇਹ ਤੀਜਾ ਪੱਤਰ ਹੈ। ਐੱਲ.ਜੀ. ਨੂੰ ਲਿਖੇ ਪੱਤਰ 'ਚ ਸੁਕੇਸ਼ ਨੇ ਆਪਣੇ ਅਤੇ ਆਮ ਆਦਮੀ ਪਾਰਟੀ ਵਿਚਾਲੇ ਕਥਿਤ ਪੈਸਿਆਂ ਦੇ ਲੈਣ-ਦੇਣ ਦੀ ਪੂਰੀ ਜਾਣਕਾਰੀ ਦਿੱਤੀ ਹੈ। 3 ਪੰਨਿਆਂ ਦੇ ਇਸ ਪੱਤਰ 'ਚ ਸੁਕੇਸ਼ ਨੇ ਸਤੇਂਦਰ ਜੈਨ ਅਤੇ ਸੰਦੀਪ ਗੋਇਲ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਦੂਜੇ ਪੱਤਰ ਵਿੱਚ ਵੀ ਲਾਏ ਇਹ ਦੋਸ਼ 

ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਮਾਮਲੇ 'ਚ ਜੇਲ 'ਚ ਬੰਦ ਸੁਕੇਸ਼ ਆਮ ਆਦਮੀ ਪਾਰਟੀ ਅਤੇ ਸਤੇਂਦਰ ਜੈਨ 'ਤੇ ਲਗਾਤਾਰ ਗੰਭੀਰ ਦੋਸ਼ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ LG ਨੂੰ ਲਿਖੀ ਚਿੱਠੀ 'ਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਜੇਕਰ ਮੈਂ ਦੇਸ਼ ਦਾ ਸਭ ਤੋਂ ਵੱਡਾ ਠੱਗ ਹਾਂ ਤਾਂ ਉਨ੍ਹਾਂ ਨੇ ਮੇਰੇ ਵਰਗੇ ਠੱਗ ਨੂੰ ਰਾਜ ਸਭਾ ਦੀ ਸੀਟ ਦੇ ਕੇ 50 ਕਰੋੜ ਰੁਪਏ ਕਿਉਂ ਲਏ? ਨਾਲ ਹੀ ਕਿਹਾ ਕਿ ਆਪ ਮੈਨੂੰ ਅਤੇ ਹੋਰ ਕਾਰੋਬਾਰੀਆਂ ਨੂੰ ਪਾਰਟੀ ਵਿਚ ਸ਼ਾਮਲ ਹੋ ਕੇ 500 ਕਰੋੜ ਰੁਪਏ ਇਕੱਠੇ ਕਰਨ ਲਈ ਕਿਹਾ ਸੀ। ਬਦਲੇ ਵਿੱਚ ਮੈਨੂੰ ਕਰਨਾਟਕ ਵਿੱਚ ਪਾਰਟੀ ਵਿੱਚ ਵੱਡੇ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਸੀ।


 

 ਇੰਨਾ ਹੀ ਨਹੀਂ ਸੁਕੇਸ਼ ਨੇ ਆਪਣੇ ਤਿੰਨ ਪੰਨਿਆਂ ਦੀ ਚਿੱਠੀ 'ਚ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਅਤੇ ਸਤੇਂਦਰ ਜੈਨ ਖਿਲਾਫ ਲਿਖੀ ਚਿੱਠੀ ਤੋਂ ਬਾਅਦ ਮੈਨੂੰ ਤਿਹਾੜ ਜੇਲ ਦੇ ਸਾਬਕਾ ਡੀਜੀ ਅਤੇ ਪ੍ਰਸ਼ਾਸਨ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਮੈਂ ਕੇਜਰੀਵਾਲ ਅਤੇ ਉਸਦੇ ਮੰਤਰੀ ਸਤੇਂਦਰ ਜੈਨ ਦੇ ਪ੍ਰਸ਼ਾਸਨ ਤੋਂ ਡਰਨ ਵਾਲਾ ਨਹੀਂ ਹਾਂ। ਸੁਕੇਸ਼ ਨੇ ਦਾਅਵਾ ਕੀਤਾ ਹੈ ਕਿ ਦਿੱਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਸਹੀ ਹੈ।