ਮਜੀਠੀਆ ਤੋਂ ਕੇਜਰੀਵਾਲ ਦੀ ਮਾਫੀ 'ਤੇ ਭਗਵੰਤ ਮਾਨ ਦਾ ਸਪਸ਼ਟੀਕਰਨ
ਏਬੀਪੀ ਸਾਂਝਾ | 30 Jan 2019 06:01 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਮੁੜ ਕਮਾਨ ਸੰਭਾਲਣ ਮਗਰੋਂ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਮੁਆਫ਼ੀ ਦੇ ਮੁੱਦੇ 'ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬੈਠਕ ਦੌਰਾਨ ਸਾਰੇ ਸ਼ੰਕੇ-ਸੰਦੇਹ ਦੂਰ ਕਰ ਲਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੁਆਫ਼ੀ ਇਕੱਲੇ ਮਜੀਠੀਆ ਤੋਂ ਨਹੀਂ ਬਲਕਿ 34 ਦੇ ਕਰੀਬ ਕੇਸਾਂ 'ਚ ਮੰਗੀ ਹੈ। ਮਾਨ ਨੇ ਕੇਜਰੀਵਾਲ ਦੀ ਮਾਫੀ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਰਾਜਨੀਤਕ ਕੂਟਨੀਤੀ ਤਹਿਤ ਮਜੀਠੀਆ ਤੋਂ ਮੁਆਫ਼ੀ ਜ਼ਰੂਰ ਮੰਗੀ, ਪਰ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਮਜੀਠੀਆ ਖ਼ਿਲਾਫ਼ ਪੰਜਾਬ ਯੂਨਿਟ ਵੱਲੋਂ ਨਸ਼ਿਆਂ ਦੇ ਮੁੱਦੇ 'ਤੇ ਫ਼ਰੰਟ ਖੁੱਲ੍ਹਾ ਰੱਖਣ ਦੀ ਚੁਨੌਤੀ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਸ਼ਿਆਂ ਦੇ ਸਮੁੰਦਰ 'ਤੇ ਜਿੱਤ ਨਹੀਂ ਹਾਸਲ ਕਰ ਲੈਂਦੇ 'ਆਪ' ਵੱਲੋਂ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਭਗਵੰਤ ਮਾਨ ਨੇ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਤੇ ਕੋਰ ਕਮੇਟੀ ਪੰਜਾਬ ਦੇ ਮੈਂਬਰਾਂ ਦੀ ਮੌਜੂਦਗੀ 'ਚ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪਾਰਟੀ ਵਿਧਾਇਕ, ਜ਼ੋਨ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ ਅਤੇ ਹੋਰ ਆਗੂ ਵੱਡੀ ਗਿਣਤੀ 'ਚ ਹਾਜ਼ਰ ਹੋਏ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਉਹ ਤਾਂ ਸਾਲਾਂ ਤੋਂ ਦੋਸ਼ ਲਾਉਂਦੇ ਆ ਰਹੇ ਹਨ ਕਿ ਬਾਦਲਾਂ ਨੇ ਨਸ਼ੇ ਦੇ ਕਾਰੋਬਾਰੀਆਂ ਨਾਲ ਮਿਲ ਕੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ ਹੈ, ਹੋਰ ਵੀ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਕੈਪਟਨ ਸਰਕਾਰ ਵੀ ਬਾਦਲਾਂ ਦੇ ਪਦ-ਚਿੰਨ੍ਹਾਂ 'ਤੇ ਚੱਲ ਰਹੇ ਹਨ। ਕੈਪਟਨ ਆਪਣੇ ਚੋਣ ਵਾਅਦੇ ਤੋਂ ਭੱਜ ਚੁੱਕੇ ਹਨ। ਖ਼ੁਦ ਕਾਂਗਰਸੀ ਵਿਧਾਇਕ ਕੈਪਟਨ ਕੋਲ ਫ਼ਰਿਆਦਾਂ ਕਰ ਰਹੇ ਹਨ। ਬਾਦਲਾਂ ਤੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ (ਕਾਂਗਰਸੀ) ਪਿੰਡਾਂ 'ਚ ਜਾਣ ਜੋਗੇ ਰਹਿ ਸਕਣ।