Punjab News: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ 11 ਫਰਵਰੀ ਨੂੰ ਸਵੇਰੇ 11 ਵਜੇ ਕਪੂਰਥਲਾ ਭਵਨ, ਦਿੱਲੀ ਵਿੱਚ ਹੋਵੇਗੀ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਸਮੇਤ ਸਾਰੇ ਵਿਧਾਇਕ ਅਤੇ ਮੰਤਰੀ ਸ਼ਾਮਲ ਹੋਣਗੇ। ਇਸ ਤੋਂ ਬਾਅਦ ਹੁਣ ਭਾਰਤੀ ਜਨਤਾ  ਪਾਰਟੀ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ।



ਮਨਜਿੰਦਰ ਸਿੰਘ ਸਿਰਸਾ ਨੇ ਕੀ ਕਿਹਾ ?


ਦਿੱਲੀ ਦੇ ਰਾਜੌਰੀ ਗਾਰਡਨ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ,  ਦਿੱਲੀ ਚੋਣਾਂ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਹ ਭਗਵੰਤ ਮਾਨ ਨੂੰ ਅਯੋਗ ਦੱਸ ਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।






ਸਿਰਸਾ ਨੇ ਕਿਹਾ ਕਿ ਔਰਤਾਂ ਨੂੰ ₹1000 ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ, ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਅਸਫਲ ਰਹਿਣ ਦੇ ਮੁੱਦੇ ਉੱਤੇ ਕੇਜਰੀਵਾਲ ਸਾਰੀਆਂ ਅਸਫਲਤਾਵਾਂ ਭਗਵੰਤ ਮਾਨ 'ਤੇ ਪਾਉਣਾ ਚਾਹੁੰਦੇ ਹਨ। ਉਹ ਆਪ ਪੰਜਾਬ ਦੇ ਵਿਧਾਇਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਰਹੇ ਹਨ ਕਿ ਕੇਜਰੀਵਾਲ ਇੱਕ 'ਚੰਗਾ ਆਦਮੀ' ਹੈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ!



ਕਾਂਗਰਸ ਨੇ ਵੀ ਜਤਾਇਆ ਖਦਸ਼ਾ


ਰਾਜਨੀਤਿਕ ਹਲਕਿਆਂ ਵਿੱਚ ਚਰਚਾ ਹੈ ਕਿ ਦਿੱਲੀ ਵਿੱਚ ਸੱਤਾ ਗੁਆਉਣ ਤੋਂ ਬਾਅਦ, ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ। ਇਹ ਦਾਅਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ। ਬਾਜਵਾ ਨੇ ਇਹ ਦਾਅਵਾ ਪੰਜਾਬ 'ਆਪ' ਮੁਖੀ ਅਮਨ ਅਰੋੜਾ ਦੇ ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਦੀ ਸੰਭਾਵਨਾ ਬਾਰੇ ਬਿਆਨ ਦਾ ਹਵਾਲਾ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਹਿੰਦੂ ਅਤੇ ਸਿੱਖ ਚਿਹਰਿਆਂ ਦੇ ਆਧਾਰ 'ਤੇ ਦੇਖਣ ਦੀ ਬਜਾਏ ਸਰਕਾਰ ਚਲਾਉਣ ਦੀ ਯੋਗਤਾ ਦੇ ਆਧਾਰ 'ਤੇ ਦੇਖਿਆ ਜਾਣਾ ਚਾਹੀਦਾ ਹੈ।


ਕੈਬਨਿਟ ਮੀਟਿੰਗ ਵੀ ਕੀਤੀ ਰੱਦ


ਇਹ ਵੀ ਦੱਸ ਦਈਏ ਕਿ  ਇਸ ਤੋਂ ਪਹਿਲਾਂ, ਪਾਰਟੀ ਨੇ ਅੱਜ (10 ਫਰਵਰੀ) ਪੰਜਾਬ ਵਿੱਚ ਕੈਬਨਿਟ ਮੀਟਿੰਗ ਬੁਲਾਈ ਸੀ, ਪਰ ਐਤਵਾਰ ਦੇਰ ਸ਼ਾਮ ਨੂੰ ਕੈਬਨਿਟ ਮੀਟਿੰਗ ਰੱਦ ਕਰ ਦਿੱਤੀ ਗਈ। ਹੁਣ ਇਹ ਮੀਟਿੰਗ 13 ਫਰਵਰੀ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਵੀ ਇੱਕ ਵਾਰ ਕੈਬਨਿਟ ਮੀਟਿੰਗ ਦਾ ਸ਼ਡਿਊਲ ਬਦਲਿਆ ਜਾ ਚੁੱਕਾ ਹੈ। ਪਹਿਲਾਂ ਇਹ ਮੀਟਿੰਗ 5 ਫਰਵਰੀ ਨੂੰ ਹੋਣੀ ਸੀ।