ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆਉਣਗੇ। ਇਸ ਦੌਰਾਨ ਕੇਜਰੀਵਾਲ ਪਠਾਨਕੋਟ ਦਾ ਦੌਰਾ ਕਰਨਗੇ। ਪਠਾਨਕੋਟ 'ਚ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤਿਰੰਗਾ ਯਾਤਰਾ ਕਰਨਗੇ। ਸੂਤਰਾਂ ਮੁਤਾਬਕ ਇਸ ਮੌਕੇ ਕੇਜਰੀਵਾਲ ਤਿਰੰਗਾ ਯਾਤਰਾ 'ਚ ਵੱਡਾ ਐਲਾਨ ਕਰਨਗੇ।
ਦੱਸ ਦਈਏ ਕਿ ਚੋਣ ਸਰਵੇਖਣਾਂ ਵਿੱਚ ਚੰਗਾ ਹੁੰਗਾਰਾ ਮਿਲਣ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਫੀ ਸਰਗਰਮ ਹੋ ਗਈ ਹੈ। ਦਿੱਲੀ ਦੀ ਲੀਡਰਸ਼ਿਪ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੀ ਹੈ। ਕੇਜਰੀਵਾਲ ਹੁਣ ਤੱਕ ਪੰਜਾਬ ਦੇ ਕਈ ਗੇੜੇ ਲਾ ਚੁੱਕੇ ਹਨ। ਇਸੇ ਤਹਿਤ ਅੱਜ ਮਨੀਸ਼ ਸਿਸੋਦੀਆ ਫਿਰੋਜ਼ਪੁਰ ਪਹੁੰਚੇ ਹੋਏ ਹਨ।
ਦਿੱਲੀ ਬਾਨਾਮ ਪੰਜਾਬ
ਦੱਸ ਦਈਏ ਕਿ ਦਿੱਲੀ ਤੇ ਪੰਜਾਬ ਦੇ ਸਿੱਖਿਆ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਸਰਕਾਰ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਇਸ ਉੱਪਰ ਬਹਿਸ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਬੈਕਫੁੱਟ 'ਤੇ ਆ ਗਏ ਹਨ। ਉਨ੍ਹਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਚੁਣੌਤੀ ਸਵੀਕਾਰ ਕਰਨ ਤੋਂ ਟਾਲਾ ਵੱਟ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਹੱਦੀ ਸੂਬੇ ਪੰਜਾਬ ਦਾ ਕੌਮੀ ਰਾਜਧਾਨੀ ਨਾਲ ਮੁਕਾਬਲਾ ਕਰਨਾ ਹੀ ਗ਼ਲਤ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਦਕਿ ਦਿੱਲੀ ਇੱਕ ਨਗਰ ਨਿਗਮ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦਾ ਮੁਕਾਬਲਾ ਹੀ ਤਰਕਸੰਗਤ ਨਹੀਂ।
ਦੱਸ ਦਈਏ ਕਿ ਪਹਿਲਾਂ ਪਰਗਟ ਸਿੰਘ ਨੇ ਦਿੱਲੀ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਸਬੰਧੀ ਸਿੱਖਿਆ ਮਾਡਲ ’ਤੇ ਬਹਿਸ ਕਰਨ ਦੀ ਚੁਣੌਤੀ ਕਬੂਲ ਕੀਤੀ ਸੀ। ਇਸ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 250 ਸਕੂਲਾਂ ਦੀ ਲਿਸਟ ਜਾਰੀ ਕਰਕੇ ਪਰਗਟ ਸਿੰਘ ਤੋਂ ਵੀ 250 ਸਕੂਲਾਂ ਦੀ ਸੂਚੀ ਮੰਗੀ ਸੀ। ਇਸ ਮਗਰੋਂ ਪੰਜਾਬ ਦੇ ਸਿੱਖਿਆ ਮੰਤਰੀ ਬੈਕਫੁੱਟ ਉੱਪਰ ਆ ਗਏ ਹਨ।
ਉਂਝ, ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਸਿੱਖਿਆ ਪ੍ਰਬੰਧਾਂ ਬਾਰੇ ਵੀ ਵੱਡੇ ਸਵਾਲ ਉਠਾਏ ਹਨ। ਪਰਗਟ ਸਿੰਘ ਨੇ ਸਵਾਲ ਕੀਤਾ ਕਿ ਦਿੱਲੀ ਦੇ 1060 ਵਿੱਚੋਂ 760 ਸਕੂਲਾਂ ਵਿੱਚ ਪ੍ਰਿੰਸੀਪਲ ਤੇ 1844 ਵਿੱਚੋਂ 479 ਸਕੂਲਾਂ ਵਿੱਚ ਵਾਈਸ ਪ੍ਰਿੰਸੀਪਲ ਦੀਆਂ ਆਸਾਮੀਆਂ ਖਾਲੀ ਕਿਉਂ ਹਨ? ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸਕੂਲਾਂ ਵਿੱਚ 41 ਫੀਸਦ ਨਾਨ-ਟੀਚਿੰਗ ਸਟਾਫ਼ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ