ਬਰਨਾਲਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਮੁੱਖ ਮੰਤਰੀ ਭਲਕੇ ਯਾਨੀ 20 ਜਨਵਰੀ ਤੋਂ 2019 ਦੀਆਂ ਲੋਕ ਸਭਾ ਚੋਣਾਂ ਦਾ ਆਗ਼ਾਜ਼ ਪੰਜਾਬ ਤੋਂ ਹੀ ਕਰਨ ਜਾ ਰਹੇ ਹਨ। ਰੈਲੀ ਲਈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਪੰਜਾਬੀਆਂ ਨੇ ਹੀ 'ਆਪ' ਦੀ ਝੋਲੀ ਖ਼ੈਰ ਪਾਈ ਸੀ, ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਲਵਈਆਂ ਨੇ ਹੀ ਪਾਰਟੀ ਨੂੰ ਵਿਰੋਧੀ ਧਿਰ ਬਣਾਇਆ ਸੀ। ਇਸ ਲਈ ਕੇਜਰੀਵਾਲ ਨੇ 2019 ਲੋਕ ਸਭਾ ਚੋਣਾਂ ਲਈ ਮਾਲਵੇ ਦੀ ਧਰਤੀ ਤੋਂ ਹੀ ਚੋਣ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
'ਆਪ' ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਹੇਅਰ ਨੇ ਦੱਸਿਆ ਕਿ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਪਿਛਲੇ 20 ਦਿਨਾਂ ਤੋਂ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਸਾਰੇ ਵਿਧਾਇਕਾਂ ਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰੈਲੀ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਾਮਲ ਹੋਣਗੇ ਪਰ ਪੰਡਾਲ ਵਿੱਚ 20,000 ਕੁਰਸੀਆਂ ਹੀ ਲਾਈਆਂ ਗਈਆਂ ਹਨ।