ਚੰਡੀਗੜ੍ਹ: ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਾਂਗਰਸੀ ਆਗੂ ਆਸ਼ੂ ਬੰਗੜ ਦੀ ਗ੍ਰਿਫ਼ਤਾਰੀ 'ਤੇ ਸਵਾਲ ਚੁੱਕੇ ਹਨ ਅਤੇ ਇਸਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਖਹਿਰਾ ਨੇ ਟਵੀਟ ਕਰ ਕਿਹਾ, "ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ 'ਤੇ ਕਾਂਗਰਸੀ ਆਗੂ ਆਸ਼ੂ ਬੰਗੜ ਦੀ ਗ੍ਰਿਫਤਾਰੀ ਨਿਰੋਲ ਸਿਆਸੀ ਬਦਲਾਖੋਰੀ ਹੈ।ਬੀਜੇਪੀ ਬੱਗਾ ਮਾਮਲੇ ਵਾਂਗ ਹੀ ਆਸ਼ੂ ਨੇ ਸਾਬਕਾ ਸੀਐਮ ਚੰਨੀ ਦੀ ਮੌਜੂਦਗੀ ਵਿੱਚ ਮੀਡੀਆ ਦੇ ਸਾਹਮਣੇ ਪੰਜਾਬ ਚੋਣਾਂ ਦੌਰਾਨ 'ਆਪ' ਸੀਟਾਂ ਲਈ ਪੈਸੇ ਦੇ ਲੈਣ-ਦੇਣ ਦੇ ਗੰਭੀਰ ਦੋਸ਼ ਲਾਏ ਸਨ। ਮੈਂ ਇਸਦੀ ਨਿੰਦਾ ਕਰਦਾ ਹਾਂ!"
ਮੋਗਾ ਪੁਲਿਸ ਵੱਲੋਂ ਕਾਂਗਰਸੀ ਆਗੂ ਆਸ਼ੂ ਬੰਗੜ ਨੂੰ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਆਸ਼ੂ ਬੰਗੜ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ 2022 ਵਿਧਾਨਸਭਾ ਦੇ ਉਮੀਦਵਾਰ ਸਨ। ਉਹਨਾਂ 'ਤੇ ਇਲਜ਼ਾਮ ਹਨ ਕਿ ਉਹਨਾਂ ਨੇ ਵਿਦੇਸ਼ ਭੇਜਣ 'ਚ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਹਨ।
ਪੁਲਿਸ ਦੀ ਕਾਰਵਾਈ ਖਿਲਾਫ ਆਸ਼ੂ ਬੰਗੜ ਦੇ ਪਰਿਵਾਰ ਅਤੇ ਮੋਗਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮੋਗਾ ਸਿਟੀ 1 ਦੇ ਥਾਣੇ ਦੇ ਬਾਹਰ ਧਰਨਾ ਵੀ ਦਿੱਤਾ।ਮੋਗਾ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਅਤੇ ਬਾਘਾਪੁਰਾਣਾ ਤੋਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਮਾਲਵਿਕਾ ਸੂਦ ਵੀ ਪਹੁੰਚੇ ਸੀ।
ਮੋਗਾ ਪੁਲਿਸ ਨੇ ਆਸ਼ੂ ਬੰਗੜ ਦੇ ਖਿਲਾਫ਼ ਥਾਣਾ ਸਿਟੀ 1 ਮੋਗਾ ਵਿੱਚ ਐਫ.ਆਈ.ਆਰ ਨੰ.0156 'ਚ ਧਾਰਾ 420, 465, 467, 468, 120 ਤਹਿਤ ਮਾਮਲਾ ਦਰਜ ਕਰ ਲਿਆ ਹੈ।