ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਨੇ ਚਾਹੇ ਆਮ ਆਦਮੀ ਪਾਰਟੀ ਨਾਲੋਂ ਤੋੜ-ਵਿਛੋੜਾ ਕਰ ਲਿਆ ਹੈ ਪਰ ਸੁਖਪਾਲ ਖਹਿਰਾ ਅਜੇ ਵੀ ਸਿਮਰਜੀਤ ਬੈਂਸ ਨਾਲ ਡਟੇ ਹੋਏ ਹਨ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਵੇਰਕਾ ਦੁੱਧ ਕਾਂਡ ਵਿੱਚ ਉਹ ਡਟ ਕੇ ਸਿਮਰਜੀਤ ਬੈਂਸ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਮਾਨਦਾਰ ਬੰਦੇ ਦੀ ਥਾਂ ਭ੍ਰਿਸ਼ਟਾਚਾਰੀਆ ਦਾ ਸਾਥ ਦੇ ਰਹੀ ਹੈ।   ਉਧਰ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਵਿਧਾਨ ਸਭਾ ਦਾ ਅਜਿਹਾ ਕੋਈ ਕਨੂੰਨ ਨਹੀਂ ਜਿਸ ਵਿੱਚ ਕਿਹਾ ਗਿਆ ਹੋਵੇ ਕਿ ਵਿਧਾਇਕ ਕਿਤੇ ਰੇਡ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਬੈਂਸ ਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਯਾਦ ਰਹੇ ਵੇਰਕਾ ਮਿਲਕ ਪਲਾਂਟ ਬਾਰੇ ਵੱਡਾ ਖੁਲਾਸਾ ਕਰਨ ਕਰਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਵੇਰਕਾ ਦੇ ਜਨਰਲ ਮੈਨੇਜਰ ਨੇ ਉਨ੍ਹਾਂ ਖਿਲਾਫ ਪਲਾਂਟ ਵਿੱਚ ਜ਼ਬਰੀ ਵੜਨ, ਡਿਊਟੀ ਵਿੱਚ ਵਿਘਨ ਪਾਉਣ, ਮੁਲਾਜ਼ਮਾਂ ਨਾਲ ਬਦਤਮੀਜ਼ੀ ਕਰਨ ਤੇ ਵੇਰਕਾ ਦਾ ਅਕਸ ਵਿਗਾੜਨ ਦੇ ਇਲਜ਼ਾਮ ਤਹਿਤ ਕੇਸ ਦਰਜ ਕਰਵਾਇਆ ਹੈ। ਬੈਂਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਦੇ ਅਦਾਰੇ ‘ਵੇਰਕਾ’ ਵੱਲੋਂ ਪੈਕੇਟ ’ਤੇ ਲਿਖੀ ਹੋਈ ‘ਫੈਟ’ ਦੀ ਮਿਕਦਾਰ ਤੋਂ ਘੱਟ ਲੋਕਾਂ ਨੂੰ ਵੇਚ ਕੇ ਸਾਲਾਨਾ ਕਰੀਬ 200 ਕਰੋੜ ਦੀ ਠੱਗੀ ਮਾਰੀ ਜਾ ਰਹੀ ਹੈ। ਉਨ੍ਹਾਂ ਫਿਰੋਜ਼ਪੁਰ ਰੋਡ ਸਥਿਤ ‘ਵੇਰਕਾ’ ਮਿਲਕ ਪਲਾਂਟ ’ਤੇ ਪੁੱਜ ਕੇ ਪਲਾਂਟ ਦੇ ਬਾਹਰੋਂ ਪਹਿਲਾਂ ਦੁੱਧ ਦਾ ਪੈਕੇਟ ਖ਼ਰੀਦਿਆ ਤੇ ਉਸ ਵਿੱਚ ਮੌਜੂਦ ਐਸਐਨਐਫ਼ (ਸਾਲਿਡ ਨੈੱਟ ਫੈਟ) ਦੀ ਜਾਂਚ ਮਿਲਕ ਪਲਾਂਟ ਦੇ ਹੀ ਅੰਦਰ ਬਣੀ ਲੈਬੋਰਟਰੀ ਤੋਂ ਕਰਵਾਈ। ਵਿਧਾਇਕ ਨੇ ਇਲਜ਼ਾਮ ਲਾਇਆ ਕਿ ਜਾਂਚ ਦੌਰਾਨ ਦੁੱਧ ਵਿੱਚ ‘ਫੈਟ’ ਸਾਢੇ 4 ਦੀ ਬਜਾਏ 4.1 ਤੇ ਐਸਐਨਐਫ਼ 8.5 ਦੀ ਬਜਾਏ 8.1 ਸੀ।