Khalistan Referendum: ਕੈਨੇਡਾ ਦੇ ਇੱਕ ਸਕੂਲ ਵਿੱਚ 10 ਸਤੰਬਰ ਲਈ ਰੱਖੇ ਖਾਲਿਸਤਾਨ ਰੈਫਰੈਂਡਮ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਕੁਝ ਲੋਕਾਂ ਵੱਲੋਂ ਸਮਾਗਮ ਦੇ ਪੋਸਟਰ ’ਤੇ ਹਥਿਆਰਾਂ ਦੀਆਂ ਤਸਵੀਰਾਂ ਸਕੂਲ ਅਥਾਰਿਟੀਜ਼ ਦੇ ਧਿਆਨ ਵਿੱਚ ਲਿਆਂਦੇ ਜਾਣ ਮਗਰੋਂ ਸਮਾਗਮ ਰੱਦ ਕੀਤਾ ਗਿਆ ਹੈ। ਸਰੀ ਸਕੂਲ ਡਿਸਟ੍ਰਿਕਟ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਕਸਬੇ ਵਿੱਚ ਤਮੰਨਾਵਿਸ ਸੈਕੰਡਰੀ ਸਕੂਲ ਵਿਚ ਰੱਖਿਆ ਸਮਾਗਮ ਰੱਦ ਕਰ ਦਿੱਤਾ ਹੈ ਕਿਉਂਕਿ ਸਮਾਗਮ ਦੇ ਪ੍ਰਬੰਧਕ ਵਾਰ ਵਾਰ ਗੁਜ਼ਾਰਿਸ਼ਾਂ ਕਰਨ ਦੇ ਬਾਵਜੂਦ ‘ਸਬੰਧਤ ਤਸਵੀਰਾਂ’ ਲਾਹੁਣ ਵਿੱਚ ਨਾਕਾਮ ਰਹੇ। 




ਸਰੀ ਸਕੂਲ ਡਿਸਟ੍ਰਿਕਟ ਨੇ ਦਿ ਇੰਡੋ-ਕਨੈਡੀਅਨ ਵੁਆਇਸ ਵੈੱਬਸਾਈਟ ’ਤੇ ਪ੍ਰਕਾਸ਼ਿਤ ਇਕ ਬਿਆਨ ਵਿੱਚ ਕਿਹਾ, ‘‘ਕਰਾਰ ਦੀ ਉਲੰਘਣਾ ਕਾਰਨ ਸਾਡੇ ਇੱਕ ਸਕੂਲ ਵਿੱਚ ਭਾਈਚਾਰੇ ਵੱਲੋਂ ਰੱਖੇ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ। ਸਾਡੇ ਸਕੂਲ ਵਿਚ ਸਮਾਗਮ ਦੀ ਪ੍ਰਮੋਸ਼ਨ ਲਈ ਲੱਗੀ ਸਮੱਗਰੀ ਵਿੱਚ ਹਥਿਆਰਾਂ ਦੀਆਂ ਵੀ ਤਸਵੀਰਾਂ ਸਨ। ਪ੍ਰਬੰਧਕਾਂ ਨੂੰ ਵਾਰ ਵਾਰ ਕਹਿਣ ’ਤੇ ਵੀ ਉਨ੍ਹਾਂ ਇਹ ਪੋਸਟਰ ਨਹੀਂ ਹਟਾਏ ਤੇ ਸਬੰਧਤ ਸਮੱਗਰੀ ਸੋਸ਼ਲ ਮੀਡੀਆ ’ਤੇ ਪਾਉਣ ਦਾ ਅਮਲ ਵੀ ਬੇਰੋਕ ਜਾਰੀ ਰਿਹਾ।’’ 



ਸਕੂਲ ਵਿੱਚ ਲੱਗੇ ਪੋਸਟਰ ਵਿੱਚ ਕਿਰਪਾਨ ਦੇ ਨਾਲ ਏਕੇ-47 ਮਸ਼ੀਨ ਗੰਨ ਅਤੇ ਪੋਸਟਰ ’ਤੇ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੀ ਪਾਬੰਦੀਸ਼ੁਦਾ ਖਾਲਿਸਤਾਨੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐੈਸਐਫਜੇ) ਦਾ ਵੀ ਨਾਮ ਸੀ। ਪੋਸਟਰ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਵੀ ਹੈ, ਜਿਸ ਨੂੰ ਜੂਨ ਮਹੀਨੇ ਸਰੀ ਦੇ ਗੁਰਦੁਆਰੇ ਦੀ ਪਾਰਕਿੰਗ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 


ਪੋਸਟਰ ’ਤੇ ਤਲਵਿੰਦਰ ਸਿੰਘ ਪਰਮਾਰ ਦੀ ਵੀ ਤਸਵੀਰ ਹੈ, ਜੋ 1985 ਏਅਰ ਇੰਡੀਆ ਉਡਾਣ ਨੂੰ ਬੰਬ ਨਾਲ ਉਡਾਉਣ ਦਾ ਸਾਜ਼ਿਸ਼ਘਾੜਾ ਹੈ। ਐਸਐਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 8 ਸਤੰਬਰ ਨੂੰ ਵੈਨਕੂਵਰ ਸਥਿਰ ਭਾਰਤੀ ਕੌਂਸੁਲੇਟ ਨੂੰ ‘ਤਾਲਾ ਜੜਨ’ ਦਾ ਸੱਦਾ ਦਿੱਤਾ ਹੋਇਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।