Punjab News: ਖੰਨਾ ਦੇ ਦੋਰਾਹਾ ਵਿਖੇ ਖਾਲਿਸਤਾਨ ਜ਼ਿੰਦਾਬਾਦ(Khalistan) ਤੇ ਸਿੱਖ ਫਾਰ ਜਸਟਿਸ(sikhs for justice) ਦੇ ਨਾਅਰੇ ਲਿਖੇ ਗਏ। ਇਸ ਵਾਰ ਸਾਬਕਾ ਸੀਐਮ ਬੇਅੰਤ ਸਿੰਘ (ex cm beant singh)ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੋਰਾਹਾ ਵਿੱਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ’ਤੇ ਵੀ ਇਹ ਨਾਅਰੇ ਲਿਖੇ ਹੋਏ ਹਨ। ਭਾਰਤ 'ਚ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਵੀ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ।
ਵਾਇਰਲ ਵੀਡੀਓ ਵਿੱਚ ਪੰਨੂ(Gurpatwant Pannu) ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਮਾਨ (Bhagwant Mann)ਦੀ ਤੁਲਨਾ ਸਾਬਕਾ ਸੀਐਮ ਬੇਅੰਤ ਸਿੰਘ ਨਾਲ ਕਰ ਰਿਹਾ ਹੈ। ਇਸ ਤੋਂ ਇਲਾਵਾ ਬੇਅੰਤ ਸਿੰਘ ਕਤਲ ਕੇਸ ਵਿੱਚ ਸ਼ਾਮਲ ਦਿਲਾਵਰ ਸਿੰਘ ਦਾ ਨਾਂਅ ਲੈ ਕੇ ਖਾਲਿਸਤਾਨ ਦੇ ਸਮਰਥਨ ਦੀ ਅਪੀਲ ਕਰ ਰਿਹਾ ਹੈ। ਪੰਨੂੰ ਦੀ ਵੀਡੀਓ ਵਿੱਚ ਦੋਰਾਹਾ ਵਿੱਚ ਲਿਖੇ ਨਾਅਰੇ ਦੀ ਫੋਟੋ ਵੀ ਹੈ। ਇਸ ਤੋਂ ਸਪੱਸ਼ਟ ਹੈ ਕਿ ਪੰਨੂ ਦੇ ਸਲੀਪਰ ਸੈੱਲ ਇੱਥੇ ਸਰਗਰਮ ਹਨ।
31 ਅਗਸਤ ਨੂੰ ਹੈ ਬੇਅੰਤ ਸਿੰਘ ਦੀ ਬਰਸੀ
ਦੋਰਾਹਾ ਚੌਕ ਵਿੱਚ ਬੇਅੰਤ ਸਿੰਘ ਦਾ ਬੁੱਤ ਲਗਾਇਆ ਹੋਇਆ ਹੈ। ਕਿਉਂਕਿ ਉਸ ਦਾ ਪਿੰਡ ਕੋਟਲੀ ਦੋਰਾਹਾ ਨੇੜੇ ਹੈ। ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਬੰਬ ਨਾਲ ਹੱਤਿਆ ਕਰ ਦਿੱਤੀ ਗਈ ਸੀ। ਹਰ ਸਾਲ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ। ਇਹ ਘਟਨਾ ਬਰਸੀ ਤੋਂ 2 ਦਿਨ ਪਹਿਲਾਂ ਵਾਪਰੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ
2020 'ਚ ਅੱਤਵਾਦੀ ਐਲਾਨਿਆ ਗਿਆ ਸੀ ਪੰਨੂ
2019 ਵਿੱਚ ਭਾਰਤ ਸਰਕਾਰ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ UAPA ਦੇ ਤਹਿਤ ਪੰਨੂ ਦੀ ਜਥੇਬੰਦੀ SFJ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ। ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਸਿੱਖਾਂ ਲਈ ਰਾਏਸ਼ੁਮਾਰੀ ਦੀ ਆੜ ਵਿੱਚ SFJ ਪੰਜਾਬ ਵਿੱਚ ਵੱਖਵਾਦ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ। ਸਾਲ 2020 ਵਿੱਚ ਪੰਨੂ 'ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੂੰ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨ ਕਰ ਦਿੱਤਾ। 2020 ਵਿੱਚ ਸਰਕਾਰ ਨੇ SFJ ਨਾਲ ਸਬੰਧਤ 40 ਤੋਂ ਵੱਧ ਵੈਬ ਪੇਜਾਂ ਅਤੇ YouTube ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਸੀ।