Gurpatwant Singh Pannu: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਵੱਡਾ ਐਲਾਨ ਕੀਤਾ ਹੈ। ਪੰਨੂ ਨੇ ਹੁਣ ਭਾਰਤੀ ਫੌਜ ਵਿੱਚ ਸਿੱਖ ਸਿਪਾਹੀਆਂ ਨੂੰ ਵੰਗਾਰਿਆ ਹੈ। ਪੰਨੂ ਨੇ ਐਲਾਨ ਕੀਤਾ ਹੈ ਕਿ ਜੇਕਰ ਸਿੱਖ ਫੌਜੀ ਸੁਤੰਤਰਤਾ ਦਿਵਸ 'ਤੇ ਤਿਰੰਗਾ ਫੂਕਦੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਦੇ ਹਨ ਤਾਂ ਉਨ੍ਹਾਂ ਨੂੰ 5 ਲੱਖ ਡਾਲਰ ਦਿੱਤੇ ਜਾਣਗੇ। ਪੰਨੂ ਵਿਦੇਸ਼ੀ ਧਰਤੀ ਤੋਂ ਲਗਾਤਾਰ ਸੋਸ਼ਲ ਮੀਡੀਆ ਅਕਾਉਂਟਸ 'ਤੇ ਵੀਡੀਓ ਪਾ ਕੇ ਭਾਰਤੀ ਸਿੱਖਾਂ ਨੂੰ ਭੜਕਾ ਰਿਹਾ ਹੈ।


ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਵਿੱਚ ਕਿਹਾ ਹੈ ਕਿ ਸਿੱਖ ਫੌਜੀਓ, ਇਹ ਭਾਰਤ ਦਾ 78ਵਾਂ ਸੁਤੰਤਰਤਾ ਦਿਵਸ ਹੈ ਪਰ ਤੁਸੀਂ, ਤੁਹਾਡੇ ਪਰਿਵਾਰ, ਸਿੱਖ ਅਜ਼ਾਦ ਨਹੀਂ ਤੇ ਅਜੇ ਵੀ ਗੁਲਾਮ ਹਨ। ਸਿੱਖ ਫੌਜੀਆਂ ਨੂੰ 1984 ਨਹੀਂ ਭੁੱਲਣਾ ਚਾਹੀਦਾ। ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਅੱਜ ਵੀ ਦਿੱਲੀ ਵਿੱਚ ਸਿੱਖਾਂ ਦੀ ਵਿਧਵਾ ਬਸਤੀ ਹੈ। ਇਹੀ ਫਰਕ ਹੈ ਸਿੱਖਾਂ ਦੀ ਦਸਤਾਰ ਤੇ ਟੋਪੀ ਵਿੱਚ, ਕੇਸਰੀ ਤੇ ਖਾਕੀ ਵਿੱਚ। ਜੇਕਰ ਸਿੱਖ ਫੌਜੀ ਸੁਤੰਤਰਤਾ ਦਿਵਸ 'ਤੇ ਤਿਰੰਗਾ ਫੂਕਦੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਦੇ ਹਨ ਤਾਂ ਉਨ੍ਹਾਂ ਨੂੰ 5 ਲੱਖ ਡਾਲਰ ਦਿੱਤੇ ਜਾਣਗੇ।



ਪੰਨੂ ਨੇ ਪਹਿਲਾਂ ਵੀ ਸਿੱਖਾਂ ਨੂੰ ਭੜਕਾਇਆ
ਦੱਸ ਦਈਏ ਕਿ ਭਾਰਤ ਸਰਕਾਰ ਅੱਤਵਾਦੀ ਐਲਾਨਿਆ ਗਿਆ ਪੰਨੂ ਦੇਸ਼ ਤੇ ਪੰਜਾਬ ਦੀ ਧਰਤੀ 'ਤੇ ਲਗਾਤਾਰ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਦੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਜੰਮੂ-ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨੂੰ ਭੜਕਾਉਂਦਾ ਹੈ। 


ਪੰਨੂ ਨੂੰ 2020 'ਚ ਅੱਤਵਾਦੀ ਐਲਾਨਿਆ 
2019 ਵਿੱਚ ਭਾਰਤ ਸਰਕਾਰ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ UAPA ਤਹਿਤ ਪੰਨੂ ਦੀ ਜਥੇਬੰਦੀ SFJ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ। ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਸਿੱਖਾਂ ਲਈ ਰਾਏਸ਼ੁਮਾਰੀ ਦੀ ਆੜ ਵਿੱਚ SFJ ਪੰਜਾਬ ਵਿੱਚ ਵੱਖਵਾਦ ਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ।


ਸਾਲ 2020 ਵਿੱਚ ਪੰਨੂ 'ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੂ ਨੂੰ ਯੂਏਪੀਏ ਤਹਿਤ ਅੱਤਵਾਦੀ ਐਲਾਨ ਦਿੱਤਾ। 2020 ਵਿੱਚ ਸਰਕਾਰ ਨੇ SFJ ਨਾਲ ਸਬੰਧਤ 40 ਤੋਂ ਵੱਧ ਵੈਬ ਪੇਜਾਂ ਤੇ YouTube ਚੈਨਲਾਂ 'ਤੇ ਪਾਬੰਦੀ ਲਾ ਦਿੱਤੀ ਸੀ।