ਸੁਖਬੀਰ ਬਾਦਲ ਨੇ ਰਾਜਾਸਾਂਸੀ ਹਮਲੇ ਲਈ ਖਾਲਿਸਤਾਨੀਆਂ ਨੂੰ ਦੱਸਿਆ ਜ਼ਿੰਮੇਵਾਰ
ਏਬੀਪੀ ਸਾਂਝਾ | 19 Nov 2018 04:42 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਮੁੜ ਖਾਲਿਸਤਾਨੀ ਅੱਤਵਾਦ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਚੇਤਾਵਨੀ ਦੇ ਰਹੇ ਸੀ ਪਰ ਕੈਪਟਨ ਸਰਕਾਰ ਅੱਗ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਕੋਈ ਸੁਰੱਖਿਅਤ ਨਹੀਂ। ਸੁਖਬੀਰ ਬਾਦਲ ਨੇ ਰਾਜਾਸਾਂਸੀ ਵਿੱਚ ਡੇਰਾ ਨਿਰੰਕਾਰੀ 'ਤੇ ਹਮਲੇ ਦੇ ਤਾਰ ਬਰਗਾੜੀ ਮੋਰਚੇ ਨਾਲ ਜੋੜ ਦਿੱਤੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਰਗਾੜੀ ਮੋਰਚਾ ਦੇ ਲੀਡਰਾਂ ਨੂੰ ਸ਼ਹਿ ਦੇ ਰਹੀ ਹੈ। ਮੋਰਚੇ ਦੇ ਲੀਡਰ ਬਲਜੀਤ ਸਿੰਘ ਦਾਦੂਵਾਲ ਭੜਕਾਊ ਤਕਰੀਰਾਂ ਕਰ ਰਹੇ ਹਨ। ਇਸ ਕਰਕੇ ਨੌਜਵਾਨ ਅੱਤਵਾਦ ਦੇ ਰਾਹ ਤੁਰ ਪਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਜਾਣਬੁੱਝ ਤੇ ਪੰਜਾਬ ਨੂੰ ਅੱਤਵਾਦ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਫਿਰ ਉਹ ਦੌਰ ਚੇਤੇ ਆ ਗਿਆ ਹੈ ਜਦੋਂ ਕਾਲਜਾਂ-ਯੂਨੀਵਰਸਿਟੀਆਂ ਹੋਸਟਲਾਂ ਵਿੱਚ ਏ.ਕੇ. ਸੰਤਾਲੀ ਤੇ ਗ੍ਰਨੇਡ ਵੇਖੇ ਜਾਂਦੇ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।