ਖੰਨਾ: ਨਨ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਘਿਰੇ ਹੋਏ ਬਿਸ਼ਪ ਫਰੈਂਕੋ ਮੁਲੱਕਲ ਦੇ ਨਜ਼ਦੀਕੀ ਐਂਥਨੀ ਮੈਡਾਸਰੀ ਸਮੇਤ ਛੇ ਜਣਿਆਂ ਨੂੰ 9.60 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਂਥਨੀ ਵੀ ਜਲੰਧਰ ਅਧੀਨ ਪੈਂਦੇ ਪਿੰਡ ਪਰਤਾਪੁਰ ਦੇ ਚਰਚ 'ਚ ਪਾਦਰੀ ਵਜੋਂ ਤਾਇਨਾਤ ਹੈ ਅਤੇ ਮੁਲੱਕਲ ਦੀ ਸੰਸਥਾ ਦਾ ਡਾਇਰੈਕਟਰ ਜਨਲਰ ਵੀ ਹੈ। ਪੰਜਾਬ ਵਿੱਚ ਜਾਰੀ ਚੋਣ ਜ਼ਾਬਤੇ ਦੌਰਾਨ ਇਹ ਨਕਦੀ ਸਭ ਤੋਂ ਵੱਡੀ ਬਰਾਮਦਗੀ ਹੈ।


ਖੰਨਾ ਦੇ ਸੀਨੀਅਰ ਪੁਲਿਸ ਕਪਤਾਨ ਧੁਰਵ ਦਹਿਆ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਪੁਲਿਸ ਨੇ ਇੱਕ ਔਰਤ ਸਮੇਤ ਕੁੱਲ ਛੇਤ ਵਿਅਕਤੀਆਂ ਤੋਂ ਹਵਾਲਾ ਦੇ 9 ਕਰੋੜ 66 ਲੱਖ 61 ਹਜਾਰ 700 ਰੁਪਏ ਬਰਾਮਦ ਕੀਤੇ ਹਨ। ਇਸ ਪੈਸੇ ਸਬੰਧੀ ਮੁਲਜ਼ਮ ਕੋਈ ਸਬੂਤ ਪੇਸ਼ ਨਹੀਂ ਕਰ ਪਾਏ।

ਉਨ੍ਹਾਂ ਦੱਸਿਆ ਕਿ ਜੀ.ਟੀ. ਰੋਡ ਦੋਰਾਹਾ ਕੋਲ ਇੰਸਪੈਕਟਰ ਕਰਨੈਲ ਸਿੰਘ ਤੇ ਪਾਰਟੀ ਵੱਲੋਂ ਕੀਤੀ ਨਾਕਾਬੰਦੀ 'ਚ ਇਨੋਵਾ ਕਾਰ (ਪੀਬੀ 02 ਬੀਐੱਨ 3928) ਨੂੰ ਰੋਕਿਆ ਜਿਸ 'ਚ ਰਵਿੰਦਰ ਲਿੰਗਾਇਤ ਉਰਫ ਰਵੀ ਤੇ ਉਸ ਦੀ ਪਤਨੀ ਸ਼ਿਵਾਂਗੀ ਲਿੰਗਾਇਤ, ਦੋਵੇਂ ਵਾਸੀ ਨਵੀਂ ਮੁੰਬਈ ਅਤੇ ਅਸ਼ੋਕ ਕੁਮਾਰ ਵਾਸੀ ਗਵਾਭੀ ਡਾਕਖਾਨਾ ਨਮਹੋਲ ਥਾਣਾ ਸਦਰ, ਬਿਲਾਸਪੁਰ (ਹਿਮਾਚਲ ਪ੍ਰਦੇਸ਼) ਸਵਾਰ ਸਨ। ਦੂਜੀ ਗੱਡੀ ਫ਼ੋਰਡ ਈਕੋਸਪੋਰਟ (ਪੀਬੀ 10 ਜੀਬੀ 0269) ਐਂਥਨੀ ਮੈਡਾਸਰੀ ਵਾਸੀ ਪ੍ਰਤਾਪਪੁਰਾ ਜ਼ਿਲ੍ਹਾ ਜਲੰਧਰ ਤੇ ਰਛਪਾਲ ਸਿੰਘ ਵਾਸੀ ਭਿੱਖੀਵਿੰਡ, ਜ਼ਿਲ੍ਹਾ ਤਰਨਤਾਰਨ ਸਵਾਰ ਸਨ ਅਤੇ ਤੀਜੀ ਮਾਰੂਤੀ ਵਿਟਾਰਾ ਬ੍ਰੇਜ਼ਾ (ਪੀਬੀ 6 ਏਕਿਊ 8020) ਵਿੱਚ ਹਰਪਾਲ ਸਿੰਘ ਵਾਸੀ ਛੋਟੀ ਬਾਰਾਦਰੀ, ਜਲੰਧਰ ਸਵਾਰ ਸੀ। ਇਨ੍ਹਾਂ ਛੇ ਵਿਅਕਤੀਆਂ ਕੋਲੋਂ ਕੁੱਲ 9,66,61,700 ਰੁਪਏ ਦੀ ਨਕਦੀ ਬਰਾਮਦ ਹੋਈ।

ਪੁਲਿਸ ਨੂੰ ਖ਼ਦਸ਼ਾ ਹੈ ਕਿ ਇਸ ਪੈਸੇ ਦੀ ਵਰਤੋਂ ਚੋਣਾਂ ਪ੍ਰਭਾਵਿਤ ਜਾਂ ਧਰਮ ਪਰਿਵਰਤਨ ਲਈ ਕੀਤੀ ਜਾਣੀ ਸੀ। ਪੁਲਿਸ ਨੇ ਇਨਫੋਸਰਮੈਨਟ ਡਾਇਰੈਕਟੋਰੇਟ, ਜਲੰਧਰ ਦੇ ਅਧਿਕਾਰੀਆਂ ਨੂੰ ਮੌਕਾ 'ਤੇ ਬੁਲਾ ਕੇ ਬਰਾਮਦ ਰਕਮ ਬਾਰੇ ਸੂਚਿਤ ਕੀਤਾ ਗਿਆ। ਹੁਣ ਮੁਲਜ਼ਮ ਵਿਅਕਤੀਆਂ ਅਤੇ ਗੱਡੀਆਂ ਦੇ ਨਿਪਟਾਰੇ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।