ਖੰਨਾ: ਇੱਥੋਂ ਦੇ ਸਦਰ ਥਾਣੇ 'ਚ ਤਾਇਨਾਤ ਐਸਐਚਓ ਬਲਜਿੰਦਰ ਸਿੰਘ ਵੱਲੋਂ ਦਸ ਮਹੀਨੇ ਪਹਿਲਾਂ ਆਪਣੇ ਕੈਬਿਨ 'ਚ ਪਿਉ-ਪੁੱਤ ਸਮੇਤ ਤਿੰਨ ਜਣਿਆਂ ਨੂੰ ਨਿਰਵਸਤਰ ਕਰਨ ਦੇ ਮਾਮਲੇ 'ਚ ਤਬਾਦਲਾ ਕਰ ਦਿੱਤਾ ਗਿਆ। ਡੀਜੀਪੀ ਦਿਨਕਰ ਗੁਪਤਾ ਨੇ ਸ਼ਨੀਵਾਰ ਬਲਜਿੰਦਰ ਦਾ ਤਬਾਦਲਾ ਲੁਧਿਆਣਾ ਰੇਂਜ ਤੋਂ ਫਿਰੋਜ਼ਪੁਰ ਰੇਂਜ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਦੇ ਨਾਲ ਹੀ ਬਲਜਿੰਦਰ ਸਿੰਘ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।


ਲੁਧਿਆਣਾ ਰੇਂਜ ਦੇ ਆਈਜੀ ਜਸਕਰਨ ਸਿੰਘ ਵੱਲੋਂ ਕੀਤੀ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਸ਼ੁਰੂਆਤੀ ਜਾਂਚ ਪੜਤਾਲ 'ਚ ਬਲਜਿੰਦਰ ਸਿੰਘ ਤੇ ਲੱਗੇ ਇਲਜ਼ਾਮ ਸਹੀ ਦੱਸੇ ਗਏ ਹਨ।


ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ 'ਚ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਅਜਿਹੀ ਅਨੁਸ਼ਾਸਨਹੀਣਤਾ ਲਈ ਕਿਸੇ ਵੀ ਹਾਲਤ 'ਚ ਮਾਫ਼ ਨਹੀਂ ਕੀਤਾ ਜਾਵੇਗਾ। ਬਲਜਿੰਦਰ ਸਿੰਘ ਵੱਲੋਂ ਕੀਤੀ ਹਰਕਤ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ 16 ਅਪ੍ਰੈਲ ਨੂੰ ਡੀਜੀਪੀ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਲਈ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਗਿਆ ਹੈ।