Farmers Protest: ਕਿਸਾਨ 13 ਫਰਵਰੀ 2024 ਤੋਂ ਹਰਿਆਣਾ-ਪੰਜਾਬ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਗਰੰਟੀ ਦੇਣ ਵਾਲੇ ਕਾਨੂੰਨ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਹੋਏ ਹਨ, ਜਿਨ੍ਹਾਂ ਨੂੰ ਅੱਜ 82 ਦਿਨ ਹੋ ਗਏ ਹਨ। ਇਸ ਦੇ ਨਾਲ ਹੀ ਬੀਤੇ ਦਿਨੀਂ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਕੇਂਦਰੀ ਮੰਤਰੀ ਸਣੇ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ।



ਕਿਸਾਨ ਆਗੂਆਂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ MSP ਸਣੇ 11 ਮੁੱਦਿਆਂ 'ਤੇ ਮੀਟਿੰਗ ਕੀਤੀ। ਸ਼ਾਮ 5:11 ਵਜੇ ਤੋਂ ਰਾਤ 8:30 ਵਜੇ ਤੱਕ ਚੱਲੀ ਇਹ ਮੀਟਿੰਗ ਬੇਸਿੱਟਾ ਰਹੀ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਕੇਂਦਰ ਨੂੰ MSP ਗਾਰੰਟੀ ਦੀ ਮੰਗ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਹੁਣ ਅਗਲੀ ਮੀਟਿੰਗ 22 ਫਰਵਰੀ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਹੋਵੇਗੀ।


ਕੱਲ੍ਹ ਦੀ ਮੀਟਿੰਗ 'ਚ ਹੋਈਆਂ ਆਹ ਗੱਲਾਂ


ਜੋਸ਼ੀ ਨੇ ਕਿਹਾ- ਅਸੀਂ ਕਿਸਾਨ ਆਗੂਆਂ ਦੀਆਂ ਸਾਰੀਆਂ ਮੰਗਾਂ ਸੁਣੀਆਂ
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ - ਸਾਡੀ ਕਿਸਾਨ ਆਗੂਆਂ ਨਾਲ ਚੰਗੇ ਮਾਹੌਲ ਵਿੱਚ ਮੀਟਿੰਗ ਹੋਈ। ਅਸੀਂ ਕਿਸਾਨ ਆਗੂਆਂ ਦੀਆਂ ਸਾਰੀਆਂ ਮੰਗਾਂ ਸੁਣੀਆਂ। ਅਸੀਂ ਉਨ੍ਹਾਂ ਨੂੰ ਬਜਟ ਵਿੱਚ ਕਿਸਾਨਾਂ ਲਈ ਲਏ ਗਏ ਫੈਸਲਿਆਂ ਬਾਰੇ ਦੱਸਿਆ। 22 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਵੇਗੀ।


ਡੱਲੇਵਾਲ ਨੇ ਕਿਹਾ- ਮੀਟਿੰਗ ਸਕਾਰਾਤਮਕ ਰਹੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਟਿੰਗ ਸਕਾਰਾਤਮਕ ਰਹੀ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਸੰਗਠਨ ਕੇਂਦਰ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਕਰਨਾ ਚਾਹੁੰਦੇ ਹਨ, ਪਰ ਸਰਕਾਰ ਦੀ ਅਪਰੋਚ ਕੈਜ਼ੂਅਲ ਨਹੀਂ ਹੋਣੀ ਚਾਹੀਦੀ। ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਐਮਐਸਪੀ ਲਾਗੂ ਕਰਨ 'ਤੇ ਸਾਲਾਨਾ 1 ਲੱਖ ਕਰੋੜ ਰੁਪਏ ਦਾ ਖਰਚਾ ਆਵੇਗਾ।


ਪੰਜਾਬ ਦੇ ਮੰਤਰੀ ਨੇ ਕਿਹਾ- ਅਸੀਂ ਕਿਸਾਨਾਂ ਦੇ ਨਾਲ ਹਾਂ
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ।